ਮੁਕਾਬਲੇ ਦੌਰਾਨ ਪੱਥਰਬਾਜ਼ੀ 'ਚ 7 ਦੀ ਮੌਤ, ਤਿੰਨ ਅੱਤਵਾਦੀ ਢੇਰ

12/15/2018 2:28:44 PM

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਅੱਤਵਾਦੀਆਂ ਅਤੇ ਸੁਰੱਖਿਆ ਫੋਰਸਾਂ ਦਰਮਿਆਨ ਸ਼ਨੀਵਾਰ ਦੀ ਸਵੇਰ ਮੁਕਾਬਲਾ ਸ਼ੁਰੂ ਹੋ ਗਿਆ। ਜਾਣਕਾਰੀ ਅਨੁਸਾਰ ਇਸ ਮੁਕਾਬਲੇ 'ਚ ਹੁਣ ਤੱਕ ਤਿੰਨ ਅੱਤਵਾਦੀ ਮਾਰੇ ਗਏ ਹਨ, ਜਦੋਂ ਕਿ ਮੁਹਿੰਮ 'ਚ ਇਕ ਜਵਾਨ ਦੇ ਸ਼ਹੀਦ ਹੋਣ ਦੀ ਵੀ ਖਬਰ ਆ ਰਹੀ ਹੈ। ਮਾਰੇ ਗਏ ਅੱਤਵਾਦੀ ਦੀ ਪਛਾਣ ਵਾਂਟੇਡ ਜਹੂਰ ਠੋਕਰ ਉਰਫ ਫੌਜੀ ਦੇ ਰੂਪ 'ਚ ਹੋਈ ਹੈ। ਸੁਰੱਖਿਆ ਫੋਰਸਾਂ ਨੇ ਪੂਰੇ ਇਲਾਕੇ ਨੂੰ ਘੇਰਿਆ ਹੋਇਆ ਹੈ।
ਮੋਸਟ ਵਾਂਟੇਡ ਅੱਤਵਾਦੀ ਜਹੂਰ ਠੋਕਰ ਪਹਿਲੇ ਫੌਜ 'ਚ ਸੀ ਅਤੇ 2016 'ਚ ਅੱਤਵਾਦ ਦੀ ਰਾਹ 'ਤੇ ਚੱਲ ਪਿਆ ਸੀ। ਇਸ ਐਨਕਾਊਂਟਰ ਤੋਂ ਬਾਅਦ ਇਲਾਕੇ ਦੇ ਨੌਜਵਾਨਾਂ ਨੇ ਸੁਰੱਖਿਆ ਫੋਰਸਾਂ 'ਤੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਝੜਪ 'ਚ 7 ਪੱਥਰਬਾਜ਼ਾਂ ਦੀ ਮੌਤ ਹੋ ਗਈ। ਚੌਕਸੀ ਨੂੰ ਦੇਖਦੇ ਹੋਏ ਇਲਾਕ 'ਚ ਇੰਟਰਨੈੱਟ ਅਤੇ ਬਾਰਾਮੂਲਾ-ਬਨਿਹਾਲ ਰੇਲ ਸੇਵਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
ਸੁਰੱਖਿਆ ਫੋਰਸਾਂ ਨੂੰ ਪੁਲਵਾਮਾ ਦੇ ਖਾਰਪੁਰਾ ਦੇ ਇਕ ਸੇਬ ਬਾਗ਼ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਸ਼ਨੀਵਾਰ ਦੀ ਸਵੇਰ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਦੌਰਾਨ ਅੱਤਵਾਦੀਆਂ ਨੇ ਖੁਦ ਨੂੰ ਘਿਰਿਆ ਹੋਇਆ ਦੇਖ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ਕਰਦੇ ਹੋਏ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਤਿੰਨ ਅੱਤਵਾਦੀਆਂ ਨੂੰ ਮਾਰ ਸੁੱਟਿਆ।