ਅੱਤਵਾਦੀਆਂ ਨੇ ਪੁਲਸ ਥਾਣੇ ''ਤੇ ਕੀਤਾ ਹਮਲਾ, 4 ਪੁਲਸ ਮੁਲਾਜ਼ਮਾਂ ਸਮੇਤ 6 ਜ਼ਖਮੀ

01/20/2018 12:36:25 AM

ਸ਼੍ਰੀਨਗਰ,(ਮਜੀਦ)— ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਪੁਲਸ ਥਾਣੇ 'ਤੇ ਅੱਤਵਾਦੀਆਂ ਨੇ ਸ਼ੁੱਕਰਵਾਰ ਨੂੰ ਗਰਨੇਡ ਨਾਲ ਹਮਲਾ ਕਰ ਦਿੱਤਾ। ਇਸ ਹਮਲੇ 'ਚ 4 ਪੁਲਸ ਮੁਲਾਜ਼ਮ ਅਤੇ 2 ਨਾਗਰਿਕ ਜ਼ਖਮੀ ਹੋ ਗਏ ਅਤੇ ਕੁਝ ਵਾਹਨ ਨੁਕਸਾਨੇ ਗਏ। ਘਟਨਾ ਦੇ ਤੁਰੰਤ ਬਾਅਦ ਹੋਰ ਸੁਰੱਖਿਆ ਬਲ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਪੂਰੇ ਇਲਾਕੇ ਨੂੰ ਘੇਰ ਕੇ ਹਮਲਾਵਰਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ।
ਓਧਰ ਸਥਾਨਕ ਲੋਕ ਖਾਸ ਕਰਕੇ ਨੌਜਵਾਨ ਸੜਕਾਂ 'ਤੇ ਉਤਰ ਆਏ ਅਤੇ ਸੁਰੱਖਿਆ ਬਲਾਂ 'ਤੇ ਪੱਥਰਾਅ ਕੀਤਾ। ਪੱਥਰਬਾਜ਼ਾਂ ਨੂੰ ਭਜਾਉਣ ਲਈ ਸੁਰੱਖਿਆ ਬਲਾਂ ਨੇ ਹੰਝੂ ਗੈਸ ਛੱਡੀ। ਪੁਲਸ ਦੇ ਉਪ ਮਹਾਨਿਰੀਖਕ (ਡੀ. ਆਈ. ਜੀ.) ਦੱਖਣੀ ਕਸ਼ਮੀਰ ਨੇ ਕਿਹਾ ਹੈ ਕਿ ਗਰਨੇਡ ਧਮਾਕੇ 'ਚ ਜ਼ਖਮੀ ਪੁਲਸ ਮੁਲਾਜ਼ਮਾਂ ਸਮੇਤ 6 ਵਿਅਕਤੀਆਂ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ, ਜਿਥੇ ਉਨ੍ਹਾਂ ਦੀ ਹਾਲਤ ਸਥਿਰ ਹੈ।