ਅੱਤਵਾਦ ਦਾ ਰਸਤਾ ਛੱਡ ਫੌਜੀ ਬਣੇ ਸ਼ਹੀਦ ਨਾਜ਼ੀਰ ਵਾਨੀ ਨੂੰ ਮਿਲੇਗਾ ਅਸ਼ੋਕ ਚੱਕਰ

01/24/2019 12:49:05 PM

ਨਵੀਂ ਦਿੱਲੀ— ਜੰਮੂ-ਕਸ਼ਮੀਰ 'ਚ ਅੱਤਵਾਦ ਦਾ ਰਸਤਾ ਛੱਡ ਫੌਜ 'ਚ ਸ਼ਾਮਲ ਹੋਣ ਵਾਲੇ ਸ਼ਹੀਦ ਲਾਂਸ ਨਾਇਕ ਨਾਜ਼ੀਰ ਅਹਿਮਦ ਵਾਨੀ ਨੂੰ ਇਸ ਸਾਲ ਦੇ ਸਰਵਉੱਚ ਵੀਰਤਾ ਪੁਰਸਕਾਰ ਅਸ਼ੋਕ ਚੱਕਰ ਲਈ ਚੁਣਿਆ ਗਿਆ ਹੈ। ਇਹ ਖਬਰ ਅਜਿਹੇ ਸਮੇਂ ਆਈ ਹੈ, ਜਦੋਂ ਬਾਰਾਮੂਲਾ ਨੂੰ ਘਾਟੀ ਦਾ ਪਹਿਲਾ ਅੱਤਵਾਦ ਮੁਕਤ ਜ਼ਿਲਾ ਐਲਾਨ ਕਰ ਦਿੱਤਾ ਗਿਆ ਹੈ। ਨਾਜ਼ੀਰ ਵਾਨੀ ਘਾਟੀ 'ਚ 6 ਅੱਤਵਾਦੀਆਂ ਨੂੰ ਮਾਰ ਸੁੱਟਣ ਵਾਲੇ ਆਪਰੇਸ਼ਨ 'ਚ ਸ਼ਾਮਲ ਸਨ ਅਤੇ ਆਪਰੇਸ਼ਨ ਦੌਰਾਨ ਉਹ ਸ਼ਹੀਦ ਹੋ ਗਏ ਸਨ। 26 ਨਵੰਬਰ ਨੂੰ ਅੰਤਿਮ ਸੰਸਕਾਰ ਤੋਂ ਪਹਿਲਾਂ ਵਾਨੀ ਨੂੰ ਉਨ੍ਹਾਂ ਦੇ ਪਿੰਡ 'ਚ 21 ਤੋਪਾਂ ਦੀ ਸਲਾਮੀ ਦਿੱਤੀ ਗਈ ਸੀ। ਉਹ ਇਕ ਸਮੇਂ ਸੀ ਜਦੋਂ ਨਾਜ਼ੀਰ ਵਾਨੀ ਅੱਤਵਾਦ ਦੇ ਰਸਤੇ 'ਤੇ ਚੱਲ ਪਏ ਸਨ ਪਰ ਬਾਅਦ 'ਚ ਉਨ੍ਹਾਂ ਦੇ ਅੱਤਵਾਦ ਦਾ ਰਸਤਾ ਛੱਡਿਆ ਅਤੇ ਟੈਰੋਟੋਰੀਅਲ ਆਰਮੀ 'ਚ ਸ਼ਾਮਲ ਹੋਏ। ਅੱਤਵਾਦੀਆਂ ਦੇ ਖਿਲਾਫ ਚਲਾਏ ਜਾ ਰਹੇ 34 ਰਾਸ਼ਟਰੀ ਰਾਈਫਲਜ਼ ਦੇ ਆਪਰੇਸ਼ਨ 'ਚ ਨਾਜ਼ੀਰ ਵਾਨੀ ਸ਼ਾਮਲ ਸਨ ਅਤੇ ਆਪਰੇਸ਼ਨ ਦੌਰਾਨ ਉਹ ਸ਼ਹੀਦ ਹੋ ਗਏ। ਨਾਜ਼ੀਰ ਵਾਨੀ ਨੇ ਜੰਮੂ-ਕਸ਼ਮੀਰ ਦੇ ਲਾਈਟ ਇਨਫੈਂਟਰੀ ਨੂੰ ਜੁਆਇਨ ਕੀਤਾ ਹੋਇਆ ਸੀ।ਸ਼ਹੀਦ ਨਾਜ਼ੀਰ ਵਾਨੀ ਨੂੰ ਇਸ ਤੋਂ ਪਹਿਲਾਂ ਵੀ ਅੱਤਵਾਦੀਆਂ ਦੇ ਖਿਲਾਫ ਆਪਣੀ ਵੀਰਤਾ ਲਈ 2 ਵਾਰ ਫੌਜ ਮੈਡਲ ਨਾਲ ਨਵਾਜਿਆ ਜਾ ਚੁੱਕਿਆ ਸੀ। ਉਹ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲੇ ਦੇ ਚੱਕੀ ਅਸ਼ਮੁਜੀ ਪਿੰਡ ਦੇ ਵਾਸੀ ਸਨ, ਆਪਣੇ ਪਿੱਛੇ ਉਹ ਪਤਨੀ ਅਤੇ 2 ਬੇਟੇ ਛੱਡ ਗਏ ਹਨ। ਨਾਜ਼ੀਰ ਵਾਨੀ ਤੋਂ ਇਲਾਵਾ ਫੌਜ 4 ਹੋਰ ਅਧਿਕਾਰੀਆਂ ਅਤੇ ਫੌਜੀਆਂ ਨੂੰ ਕੀਰਤੀ ਚੱਕਰ ਅਤੇ 12 ਹੋਰ ਅਧਿਕਾਰੀਆਂ ਅਤੇ ਫੌਜੀਆਂ ਨੂੰ ਸ਼ੌਰਿਆ ਚੱਕਰ ਲਈ ਚੁਣਿਆ ਗਿਆ ਹੈ। ਅਸ਼ੋਕ ਚੱਕਰ ਤੋਂ ਬਾਅਦ ਕੀਰਤੀ ਚੱਕਰ ਅਤੇ ਸ਼ੌਰਿਆ ਚੱਕਰ ਦਾ ਨੰਬਰ ਆਉਂਦਾ ਹੈ।

DIsha

This news is Content Editor DIsha