ਇੰਫਾਲ ਘਾਟੀ ’ਚ ਤਣਾਅਪੂਰਨ ਸ਼ਾਂਤੀ, 13,000 ਲੋਕਾਂ ਨੂੰ ਬਚਾਇਆ

05/06/2023 2:10:58 PM

ਇੰਫਾਲ, (ਭਾਸ਼ਾ)- ਮਣੀਪੁਰ ਦੀ ਹਿੰਸਾ ਪ੍ਰਭਾਵਿਤ ਇੰਫਾਲ ਘਾਟੀ ’ਚ ਸੁਰੱਖਿਆ ਫੋਰਸਾਂ ਦੀ ਭਾਰੀ ਮੌਜੂਦਗੀ ਦਰਮਿਆਨ ਵੀਰਵਾਰ ਰਾਤ ਨੂੰ ਹਿੰਸਾ ਦੀ ਕੋਈ ਤਾਜ਼ਾ ਘਟਨਾ ਦੀ ਸੂਚਨਾ ਨਹੀਂ ਮਿਲੀ ਅਤੇ ਸ਼ੁੱਕਰਵਾਰ ਸਵੇਰੇ ਤਣਾਅਪੂਰਨ ਸ਼ਾਂਤੀ ਬਣੀ ਰਹੀ। ਰੱਖਿਆ ਬੁਲਾਰੇ ਨੇ ਦੱਸਿਆ ਕਿ ਕੁੱਲ 13,000 ਲੋਕਾਂ ਨੂੰ ਬਚਾਇਆ ਗਿਆ ਅਤੇ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ ਹੈ। 

ਹਾਲਾਂਕਿ ਘਾਟੀ ਦੇ ਆਸ-ਪਾਸ ਦੇ ਪਹਾੜੀ ਜ਼ਿਲਿਆਂ ਤੋਂ ਸੁਰੱਖਿਆ ਫੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਚੁਰਾਚਾਂਦਪੁਰ ਜ਼ਿਲੇ ਦੇ ਕਾਂਗਵਈ, ਗੁਆਂਢੀ ਬਿਸ਼ਨੂਪੁਰ ਜ਼ਿਲੇ ਦੇ ਪੱਛਮੀ ਪਹਾੜੀ ਖੇਤਰ ਦੇ ਫੌਗਾਕਚਾਓ ਅਤੇ ਇੰਫਾਲ ਪੂਰਬੀ ਜ਼ਿਲੇ ਦੇ ਦੋਲਾਈਥਾਬੀ ਅਤੇ ਪੁਖਾਓ ’ਚ ਜਾਤੀ ਹਿੰਸਾ ’ਚ ਸ਼ਾਮਲ ਅੱਤਵਾਦੀ ਸਮੂਹਾਂ ਅਤੇ ਸੁਰੱਖਿਆ ਫੋਰਸਾਂ ਵਿਚਕਾਰ ਰੁਕ-ਰੁਕ ਕੇ ਮੁਕਾਬਲੇ ਹੋਣ ਦੀ ਸੂਚਨਾ ਮਿਲੀ ਹੈ।

ਮਣੀਪੁਰ ’ਚ ਬਹੁਗਿਣਤੀ ਮੇਇਤੀ ਭਾਈਚਾਰੇ ਵੱਲੋਂ ਉਸੇ ਅਨੁਸੂਚਿਤ ਜਨਜਾਤੀ (ਐੱਸ. ਟੀ.) ਦਾ ਦਰਜਾ ਦਿੱਤੇ ਜਾਣ ਦੀ ਮੰਗ ਦੇ ਵਿਰੋਧ ’ਚ ਆਲ ਟ੍ਰਾਈਬਲ ਸਟੂਡੈਂਟ ਯੂਨੀਅਨ ਮਣੀਪੁਰ (ਏ. ਟੀ. ਐੱਸ. ਯੂ. ਐੱਮ.) ਵੱਲੋਂ ਬੁੱਧਵਾਰ ਨੂੰ ਆਯੋਜਿਤ ‘ਆਦੀਵਾਸੀ ਏਕਤਾ ਮਾਰਚ’ ਦੌਰਾਨ ਚੁਰਾਚਾਂਦਪੁਰ ਜ਼ਿਲੇ ਦੇ ਤੋਰਬੰਗ ਇਲਾਕੇ ’ਚ ਹਿੰਸਾ ਭੜਕ ਗਈ ਸੀ। ਦੂਜੇ ਪਾਸੇ ਮਣੀਪੁਰ ’ਚ ਹਿੰਸਾ ’ਤੇ ਚਿੰਤਾ ਜ਼ਾਹਿਰ ਕਰਦੇ ਹੋਏ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਸੰਸਦ ਮੈਂਬਰ ਮਨੋਜ ਝਾਅ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਪੱਤਰ ਲਿਖ ਕੇ ਸੂਬੇ ’ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਮੰਗ ਕੀਤੀ ਹੈ।

ਸਥਿਤੀ ’ਤੇ ਅਮਿਤ ਸ਼ਾਹ ਦੀ ਨਜ਼ਰ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮਣੀਪੁਰ ਦੀ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਸੂਬਾ ਅਤੇ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀਆਂ/ਅਹੁਦੇਦਾਰਾਂ ਨਾਲ ਲਗਾਤਾਰ ਸੰਪਰਕ ’ਚ ਹਨ। ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਸ਼ਟਰੀ ਰਾਜਧਾਨੀ ’ਚ ਮੌਜੂਦ ਸ਼ਾਹ ਮਣੀਪੁਰ ਦੀ ਸਥਿਤੀ ਦੇ ਸਬੰਧ ’ਚ ਸੁਰੱਖਿਆ ਅਤੇ ਖੁਫੀਆ ਏਜੰਸੀਆਂ ਤੋਂ ਲਗਾਤਾਰ ਜਾਣਕਾਰੀ ਲੈ ਰਹੇ ਹਨ। ਕੇਂਦਰ ਸਰਕਾਰ ਨੇ ਘਟਨਾ ਤੋਂ ਬਾਅਦ ਸੀ. ਆਰ. ਪੀ. ਐੱਫ. ਅਤੇ ਬੀ. ਐੱਸ. ਐੱਫ. ਸਮੇਤ ਕੇਂਦਰੀ ਹਥਿਆਰਬੰਦ ਪੁਲਸ ਫੋਰਸ (ਸੀ. ਏ. ਪੀ. ਐੱਫ.) ਦੀਆਂ 20 ਹੋਰ ਕੰਪਨੀਆਂ ਨੂੰ ਮਣੀਪੁਰ ਰਵਾਨਾ ਕੀਤਾ ਹੈ।

Rakesh

This news is Content Editor Rakesh