ਲੱਦਾਖ ਝੜਪ: ਸ਼ਹੀਦ ਕਰਨਲ ਸੰਤੋਸ਼ ਦੀ ਪਤਨੀ ਨੂੰ ਤੇਲੰਗਾਨਾ ਦੇ CM ਨੇ ਸੌਂਪਿਆ 5 ਕਰੋੜ ਦਾ ਚੈੱਕ

06/23/2020 2:13:33 PM

ਹੈਦਰਾਬਾਦ— ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਨੇ ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨ ਦੇ ਫ਼ੌਜੀਆਂ ਨਾਲ ਹਿੰਸਕ ਝੜਪ 'ਚ ਸ਼ਹੀਦ ਹੋਏ ਕਰਨਲ ਸੰਤੋਸ਼ ਬਾਬੂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਰਾਵ ਨੇ ਕਰਨਲ ਸੰਤੋਸ਼ ਬਾਬੂ ਦੀ ਪਤਨੀ ਨੂੰ ਇਕ ਰਿਹਾਇਸ਼ੀ ਪਲਾਂਟ, ਗਰੁੱਪ-1 ਦੀ ਨੌਕਰੀ ਅਤੇ 5 ਕਰੋੜ ਰੁਪਏ ਦਾ ਚੈੱਕ ਸੌਂਪਿਆ। ਮੁੱਖ ਮੰਤਰੀ ਨੇ ਇਸ ਦੌਰਾਨ ਕਰਨਲ ਸੰਤੋਸ਼ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। 

ਜ਼ਿਕਰਯੋਗ ਹੈ ਕਿ ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨ ਦੀ ਫ਼ੌਜ ਨਾਲ ਹੋਈ ਹਿੰਸਕ ਝੜਪ ਵਿਚ ਸ਼ਹੀਦ ਹੋਏ ਕਰਨਲ ਸੰਤੋਸ਼ ਬਾਬੂ ਦਾ 18 ਜੂਨ ਨੂੰ ਪੂਰੇ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਪਰਿਵਾਰਕ ਜ਼ਮੀਨ 'ਤੇ ਕੀਤਾ ਗਿਆ। ਦੱਸ ਦੇਈਏ ਕਿ ਬੀਤੇ 45 ਸਾਲਾਂ ਵਿਚ ਸਰਹੱਦ 'ਤੇ ਹੋਈ ਇਹ ਸਭ ਤੋਂ ਹਿੰਸਕ ਝੜਪ ਸੀ। ਗਲਵਾਨ 'ਚ ਅਸਲ ਕੰਟਰੋਲ ਰੇਖਾ 'ਤੇ ਭਾਰਤ ਵੱਲ ਚੀਨ ਵਲੋਂ ਨਿਗਰਾਨੀ ਚੌਕੀ ਬਣਾਏ ਜਾਣ ਦਾ ਵਿਰੋਧ ਕਰਨ 'ਤੇ ਚੀਨੀ ਫ਼ੌਜੀਆਂ ਨੇ ਪੱਥਰਾਂ, ਕੀਲ ਲੱਗੇ ਡੰਡਿਆਂ ਨਾਲ ਭਾਰਤੀ ਫ਼ੌਜੀਆਂ 'ਤੇ ਹਮਲਾ ਕੀਤਾ ਸੀ। ਇਸ ਹਿੰਸਕ ਝੜਪ ਵਿਚ ਸਾਡੇ 20 ਫ਼ੌਜੀ ਜਵਾਨ ਸ਼ਹੀਦ ਹੋ ਗਏ। ਉਨ੍ਹਾਂ 'ਚੋਂ ਇਕ ਸਨ ਕਰਨਲ ਸੰਤੋਸ਼ ਬਾਬੂ।

ਗਲਵਾਨੀ ਘਾਟੀ ਵਿਚ ਚੀਨੀ ਫ਼ੌਜ ਨਾਲ ਹਿੰਸਕ ਝੜਪ 'ਚ ਸ਼ਹੀਦ ਹੋਏ ਕਰਨਲ ਸੰਤੋਸ਼ ਬਾਬੂ ਚੀਨੀ ਪੱਖ ਨਾਲ ਹੋਈ ਗੱਲਬਾਤ ਦੀ ਅਗਵਾਈ ਕਰ ਰਹੇ ਸਨ ਪਰ ਹਿੰਸਾ ਵਿਚ ਉਹ ਸ਼ਹਾਦਤ ਪਾ ਗਏ। ਤੇਲੰਗਾਨਾ ਦੇ ਸੂਰਿਆਪੇਟ ਜ਼ਿਲੇ ਦੇ ਵਾਸੀ ਕਰਨਲ 16 ਬਿਹਾਰ ਰੈਜੀਮੈਂਟ ਦੇ ਕਮਾਂਡਿੰਗ ਅਫ਼ਸਰ ਸਨ। ਇਸ ਤੋਂ ਪਹਿਲਾਂ ਵੀ ਉਹ ਤਣਾਅ ਘੱਟ ਕਰਨ ਨੂੰ ਲੈ ਕੇ ਹੋਈਆਂ ਬੈਠਕਾਂ ਦੀ ਅਗਵਾਈ ਕਰ ਚੁੱਕੇ ਸਨ।

Tanu

This news is Content Editor Tanu