ਮਰ ਗਈ ਇਨਸਾਨੀਅਤ: ਐਂਬੂਲੈਂਸ ਨਹੀਂ ਮਿਲੀ ਤਾਂ ਆਟੋ ''ਚ ਲੈ ਗਏ ਕੋਰੋਨਾ ਮਰੀਜ਼ ਦੀ ਲਾਸ਼

07/12/2020 1:16:09 PM

ਤੇਲੰਗਾਨਾ— ਦੇਸ਼ ਭਰ 'ਚ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਜਾਰੀ ਹੈ। ਦੇਸ਼ 'ਚ ਕੋਰੋਨਾ ਮਰੀਜ਼ਾਂ ਦੀਆਂ ਦਿਲ ਨੂੰ ਝੰਜੋੜ ਦੇਣ ਵਾਲੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਕੁਝ ਅਜਿਹੀ ਹੀ ਤਸਵੀਰ ਤੇਲੰਗਾਨਾ ਤੋਂ ਸਾਹਮਣੇ ਆਈ ਹੈ, ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਗਿਆ ਹੈ। ਤੇਲੰਗਾਨਾ ਦੇ ਨਿਜ਼ਾਮਾਬਾਦ ਸ਼ਹਿਰ ਵਿਚ ਕੋਰੋਨਾ ਪਾਜ਼ੇਟਿਵ ਇਕ ਮਰੀਜ਼ ਦੀ ਲਾਸ਼ ਨੂੰ ਆਟੋ ਰਿਕਸ਼ਾ ਤੋਂ ਕਬਰਸਤਾਨ ਲਿਜਾਇਆ ਗਿਆ। ਸਭ ਤੋਂ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਲਾਸ਼ ਨੂੰ ਬਿਨਾਂ ਹਸਪਤਾਲ ਪ੍ਰਸ਼ਾਸਨ ਦੀ ਦੇਖ-ਰੇਖ ਵਿਚ ਲਿਜਾਇਆ ਗਿਆ।

ਦਰਅਸਲ ਨਿਜ਼ਾਮਾਬਾਦ ਦੇ ਸਰਕਾਰੀ ਹਸਪਤਾਲ ਵਿਚ 50 ਸਾਲਾ ਸ਼ਖਸ ਨੂੰ ਬੀਤੀ 27 ਜੂਨ ਨੂੰ ਦਾਖ਼ਲ ਕਰਵਾਇਆ ਗਿਆ ਸੀ। ਉਹ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਬੀਤੇ ਦਿਨੀਂ ਉਸ ਨੇ ਦਮ ਤੋੜ ਦਿੱਤਾ। ਹਸਪਤਾਲ ਨੇ ਸ਼ਖਸ ਦੀ ਲਾਸ਼ ਸਿੱਧੀ ਅੰਤਿਮ ਸੰਸਕਾਰ ਲਈ ਪਰਿਵਾਰ ਨੂੰ ਸੌਂਪ ਦਿੱਤੀ। ਹਸਪਤਾਲ ਨੇ ਮ੍ਰਿਤਕ ਦੇ ਪਰਿਵਾਰ ਨੂੰ ਐਂਬੂਲੈਂਸ ਦੀ ਸਹੂਲਤ ਵੀ ਨਹੀਂ ਦਿੱਤੀ। ਜਿਸ ਤੋਂ ਬਾਅਦ ਮ੍ਰਿਤਕ ਦੇ ਰਿਸ਼ਤੇਦਾਰ ਉਸ ਨੂੰ ਆਟੋ ਵਿਚ ਲੈ ਗਏ। 


ਹਸਪਤਾਲ ਦੇ ਸੁਪਰਡੈਂਟ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਮ੍ਰਿਤਕ ਦਾ ਪਰਿਵਾਰ ਇਹ ਕਹਿ ਕੇ ਲਾਸ਼ ਲੈ ਗਏ ਕਿ ਐਂਬੂਲੈਂਸ ਦੇ ਪਹੁੰਚਣ 'ਚ ਦੇਰੀ ਹੋਵੇਗੀ। ਉਨ੍ਹਾਂ ਦਾ ਖੁਦ ਦਾ ਆਟੋ ਹੈ। ਮ੍ਰਿਤਕ ਦਾ ਇਕ ਰਿਸ਼ਤੇਦਾਰ ਹਸਪਤਾਲ 'ਚ ਹੀ ਕੰਮ ਕਰਦਾ ਹੈ ਅਤੇ ਉਨ੍ਹਾਂ ਦੀ ਬੇਨਤੀ 'ਤੇ ਹੀ ਲਾਸ਼ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਸੀ। ਦੱਸ ਦੇਈਏ ਇਕ ਕੋਰੋਨਾ ਪਾਜ਼ੇਟਿਵ ਕਾਰਨ ਦਮ ਤੋੜਨ ਵਾਲੀਆਂ ਲਾਸ਼ਾਂ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਹਨ, ਜਿਸ ਦੇ ਤਹਿਤ ਲਾਸ਼ ਨੂੰ ਪੁਲਸ ਸੁਰੱਖਿਆ 'ਚ ਇਕ ਐਂਬੂਲੈਂਸ ਵਿਚ ਭੇਜਿਆ ਜਾਂਦਾ ਹੈ।

Tanu

This news is Content Editor Tanu