ਲੇਟ ਹੋਣ ਕਾਰਨ ਤੇਜਸ ਐਕਸਪ੍ਰੈੱਸ ਨੂੰ 60400 ਰੁਪਏ ਦਾ ਨੁਕਸਾਨ, ਯਾਤਰੀਆਂ ਨੂੰ ਮਿਲੇਗਾ ਮੁਆਵਜ਼ਾ

11/20/2019 11:58:44 AM

ਨਵੀਂ ਦਿੱਲੀ — ਦੇਸ਼ ਦੀ ਪਹਿਲੀ ਪ੍ਰਾਈਵੇਟ ਟ੍ਰੇਨ ਤੇਜਸ ਐਕਸਪ੍ਰੈੱਸ ਨੂੰ ਇਕ ਵਾਰ ਫਿਰ ਲੇਟ ਹੋਣ ਕਾਰਨ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਕਾਰਨ ਯਾਤਰੀਆਂ ਨੂੰ ਦੂਜੀ ਵਾਰ ਵੀ ਮੁਆਵਜ਼ਾ ਮਿਲੇਗਾ। IRCTC ਦੇ ਨਿਯਮਾਂ ਮੁਤਾਬਕ ਇਸ ਵਾਰ ਹਰ ਯਾਤਰੀ ਨੂੰ 100 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਤੇਜਸ ਸੋਮਵਾਰ ਨੂੰ 1 ਘੰਟੇ ਤੋਂ ਜ਼ਿਆਦਾ ਲੇਟ ਹੋਈ। ਟ੍ਰੇਨ 'ਚ 604 ਯਾਤਰੀ ਸਫਰ ਕਰ ਰਹੇ ਸਨ। ਇਨ੍ਹਾਂ ਸਾਰਿਆਂ ਯਾਤਰੀਆਂ ਨੂੰ ਮੁਆਵਜ਼ਾ ਮਿਲੇਗਾ। ਇਸ ਲਈ ਯਾਤਰੀਆਂ ਨੂੰ ਲਿੰਕ ਭੇਜਿਆ ਗਿਆ ਹੈ ਜਿਸ ਦੇ ਜ਼ਰੀਏ ਉਹ ਮੁਆਵਜ਼ਾ ਲੈ ਸਕਦੇ ਹਨ। ਇਸ ਤਰ੍ਹਾਂ ਨਾਲ ਹੁਣ IRCTC ਨੂੰ ਕੁੱਲ 64,400 ਰੁਪਏ ਦਾ ਮੁਆਵਜ਼ਾ ਦੇਣਾ ਹੋਵੇਗਾ।

ਇਸ ਕਾਰਨ ਲੇਟ ਹੋਈ ਟ੍ਰੇਨ

ਦਰਅਸਲ ਸੋਮਵਾਰ ਨੂੰ ਤੇਜਸ ਐਕਸਪ੍ਰੈੱਸ ਸਪਤਕ੍ਰਾਂਤੀ ਦੇ ਪਿੱਛੇ ਆ ਰਹੀ ਸੀ। ਫਿਰੋਜ਼ਾਬਾਦ ਦੇ ਕੋਲ ਇਕ ਸਾਂਡ ਦੀ ਸਪਤਕ੍ਰਾਂਤੀ ਐਕਸਪ੍ਰੈੱਸ ਟ੍ਰੇਨ ਨਾਲ ਟੱਕਰ ਹੋ ਗਈ। ਇਸ ਕਾਰਨ ਟ੍ਰੇਨ ਦਾ ਇੰਜਣ ਫੇਲ ਹੋ ਗਿਆ ਅਤੇ ਉਸਦੇ ਪਿੱਛੇ ਤੇਜਸ ਸਮੇਤ ਚਲ ਰਹੀਆਂ ਕਈ ਟ੍ਰੇਨਾਂ ਰੁਕ ਗਈਆਂ। ਇਸ ਦੀ ਜਾਣਕਾਰੀ ਜਦੋਂ ਐਨ.ਸੀ.ਆਰ. ਦੇ ਅਫਸਰਾਂ ਨੂੰ ਹੋਈ ਤਾਂ ਤੁਰੰਤ ਦੂਜਾ ਇੰਜਣ ਭੇਜ ਕੇ ਸਪਤਕ੍ਰਾਂਤੀ ਐਕਸਪ੍ਰੈੱਸ ਨੂੰ ਚਲਾਉਣ ਦਾ ਇੰਤਜ਼ਾਮ ਕੀਤਾ ਗਿਆ। ਇੰਨੇ ਸਮੇਂ 'ਚ ਤੇਜਸ ਸਵਾ ਘੰਟਾ ਲੇਟ ਹੋ ਚੁੱਕੀ ਸੀ।

ਪਹਿਲਾਂ ਵੀ ਲੇਟ ਹੋ ਚੁੱਕੀ ਹੈ ਟ੍ਰੇਨ

ਇਸ ਤੋਂ ਪਹਿਲਾਂ 19 ਅਕਤੂਬਰ ਨੂੰ ਲਖਨਊ ਜੰਕਸ਼ਨ 'ਤੇ ਕ੍ਰਿਸ਼ਕ ਐਕਸਪ੍ਰੈੱਸ ਦਾ ਕੋਚ ਡਿਰੇਲ ਹੋਣ ਕਾਰਨ ਇਹ ਟ੍ਰੇਨ 3.25 ਘੰਟੇ ਲੇਟ ਹੋ ਗਈ ਸੀ। ਉਸ ਦਿਨ ਤੇਜਸ 'ਚ 950 ਯਾਤਰੀ ਸਫਰ ਕਰ ਰਹੇ ਸਨ। IRCTC ਨੇ ਤੇਜਸ ਦੇ ਹਰੇਕ ਯਾਤਰੀ ਨੂੰ 250-250 ਰੁਪਏ ਦੇ ਹਿਸਾਬ 1.62 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਸੀ।