ਸ਼੍ਰੀਨਗਰ ''ਚ ਅਧਿਆਪਕਾਂ ਵਲੋਂ ਵਿਖਾਵਾ, ਪੁਲਸ ਨੇ ਕੀਤਾ ਲਾਠੀਚਾਰਜ

07/18/2018 2:51:03 AM

ਸ਼੍ਰੀਨਗਰ(ਮਜੀਦ)—ਪੁਲਸ ਨੇ ਮੰਗਲਵਾਰ ਇਥੇ ਦਰਜਨਾਂ ਸਰਕਾਰੀ ਮੁਲਾਜ਼ਮਾਂ ਨੂੰ ਹਿਰਾਸਤ ਵਿਚ ਲੈ ਕੇ ਰਾਜਪਾਲ ਐੱਨ. ਐੱਨ. ਵੋਹਰਾ ਦੇ ਸਰਕਾਰੀ ਨਿਵਾਸ ਵਲ ਕੱਢੇ ਜਾਣ ਵਾਲੇ ਮਾਰਚ ਨੂੰ ਨਾਕਾਮ ਕਰ ਦਿੱਤਾ। ਮੁਲਾਜ਼ਮ 7ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਬਾਰੇ ਆਪਣੀਆਂ ਮੰਗਾਂ ਨੂੰ ਲੈ ਕੇ ਮਾਰਚ ਕੱਢਣਾ ਚਾਹੁੰਦੇ ਸਨ।
ਪੁਲਸ ਸੂਤਰਾਂ ਮੁਤਾਬਕ ਸਰਬ ਸਿੱਖਿਆ ਅਭਿਆਨ (ਐੱਸ. ਐੱਸ. ਏ.) ਦੇ ਸੈਂਕੜੇ ਅਧਿਆਪਕ ਸ਼ੇਰ-ਏ-ਕਸ਼ਮੀਰ ਪਾਰਕ ਵਿਖੇ ਇਕੱਠੇ ਹੋਏ। ਇਸ ਤੋਂ ਬਾਅਦ ਉਨ੍ਹਾਂ ਸ਼ਹਿਰ ਦੇ ਗੁਪਕਰ ਇਲਾਕੇ ਤੋਂ ਰਾਜ ਭਵਨ ਵਲ ਮਾਰਚ ਸ਼ੁਰੂ ਕੀਤਾ। ਮਾਰਚ ਨੂੰ ਰੋਕਣ ਲਈ ਭਾਰੀ ਗਿਣਤੀ ਵਿਚ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਪੁਲਸ ਨੇ ਅਧਿਆਪਕਾਂ ਨੂੰ ਤਿੱਤਰ-ਬਿਤਰ ਹੋ ਜਾਣ ਲਈ ਕਿਹਾ ਪਰ ਉਨ੍ਹਾਂ ਆਪਣਾ ਮਾਰਚ ਜਾਰੀ ਰੱਖਿਆ। ਇਸ 'ਤੇ ਪੁਲਸ ਨੇ ਪਹਿਲਾਂ ਪਾਣੀ ਦੀਆਂ ਤੇਜ਼ ਬੋਛਾਰਾਂ ਛੱਡੀਆਂ ਅਤੇ ਫਿਰ ਲਾਠੀਚਾਰਜ ਕੀਤਾ। ਕਈ ਅਧਿਆਪਕਾਂ ਨੂੰ ਹਿਰਾਸਤ ਵਿਚ ਵੀ ਲੈ ਲਿਆ ਗਿਆ।