ਘੜੀ ਚੋਰੀ ਦਾ ਦੋਸ਼ ਲਾ ਕੇ ਅਧਿਆਪਕਾਂ ਨੇ ਵਿਦਿਆਰਥੀ ਨੂੰ ਬੇਰਹਿਮੀ ਨਾਲ ਕੁੱਟਿਆ, ਹਸਪਤਾਲ ’ਚ ਮੌਤ

07/26/2022 5:15:36 PM

ਕੰਨੌਜ– ਉੱਤਰ ਪ੍ਰਦੇਸ਼ ਦੇ ਕੰਨੌਜ ਜ਼ਿਲ੍ਹੇ ਦੇ ਛਿਬਰਾਮਊ ਸਥਿਕ ਇਕ ਇੰਟਰ ਕਾਲਜ ’ਚ ਘੜੀ ਚੋਰੀ ਦਾ ਦੋਸ਼ ਲਾ ਕੇ ਤਿੰਨ ਅਧਿਆਪਕਾਂ ਵਲੋਂ ਵਿਦਿਆਰਥੀ ਦੀ ਕੁੱਟਮਾਰ ਕੀਤੀ ਗਈ। ਗੰਭੀਰ ਜ਼ਖਮੀ ਹੋਏ ਵਿਦਿਆਰਥੀ ਦੀ ਕਾਨਪੁਰ ਦੇ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਅਧਿਕਾਰੀ ਕੁੰਵਰ ਅਨੁਪਮ ਸਿੰਘ ਨੇ ਦੱਸਿਆ ਕਿ ਛਿਬਰਾਮਊ ਕੋਤਵਾਲੀ ਖੇਤਰ ਦੇ ਪੱਛਮੀ ਮੜੈਯਾ ਪਿੰਡ ਵਾਸੀ 15 ਸਾਲਾ ਦਿਲਸ਼ਾਨ ਉਰਫ਼ ਰਾਜਾ ਆਰ. ਐੱਸ. ਇੰਟਰ ਕਾਲਜ ’ਚ 9ਵੀਂ ਜਮਾਤ ’ਚ ਪ੍ਰਵੇਸ਼ ਲਈ 23 ਜੁਲਾਈ ਨੂੰ ਗਿਆ ਸੀ।

ਦੋਸ਼ ਹੈ ਕਿ ਦੁਪਹਿਰ ਨੂੰ ਛੁੱਟੀ ਦੇ ਸਮੇਂ ਅਧਿਆਪਕ ਸ਼ਿਵਕੁਮਾਰ ਯਾਦਵ ਨੇ ਦਿਲਸ਼ਾਨ ਨੂੰ ਬੁਲਾਇਆ ਅਤੇ ਉਸ ’ਤੇ ਘੜੀ ਚੋਰੀ ਕਰਨ ਦਾ ਦੋਸ਼ ਲਾਇਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦਿਲਸ਼ਾਨ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਯਾਦਵ ਅਤੇ ਸਾਥੀ ਅਧਿਆਪਕ ਪ੍ਰਭਾਕਰ ਅਤੇ ਵਿਵੇਕ ਯਾਦਵ ਨੇ ਦਿਲਸ਼ਾਨ ਨੂੰ ਕਮਰੇ ’ਚ ਬੰਦ ਕਰ ਕੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। 

ਉਨ੍ਹਾਂ ਨੇ ਦੱਸਿਆ ਕਿ ਗੰਭੀਰ ਹਾਲਤ ’ਚ ਵਿਦਿਆਰਥੀ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ’ਚ ਸੁਧਾਰ ਹੋਣ ’ਤੇ ਐਤਵਾਰ ਦੀ ਸ਼ਾਮ ਨੂੰ ਕਾਨਪੁਰ ਰੈਫਰ ਕਰ ਦਿੱਤਾ ਗਿਆ। ਸੋਮਵਾਰ ਦੇਰ ਰਾਤ ਵਿਦਿਆਰਥੀ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਸਾਰੇ ਦੋਸ਼ੀ ਅਧਿਆਪਕ ਇਸ ਵਾਰਦਾਤ ਮਗਰੋਂ ਕਾਲਜ ’ਚ ਤਾਲਾ ਲਾ ਕੇ ਦੌੜ ਗਏ ਹਨ, ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਉਸ ਦੀ ਮੌਤ ਦਾ ਅਸਲ ਕਾਰਨ ਪਤਾ ਲੱਗੇਗਾ। ਉਸ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ’ਚ ਜੇਕਰ ਵਿਦਿਆਰਥੀ ਦੀ ਕੁੱਟਮਾਰ ਕਰਨ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਦੋਸ਼ੀਆਂ ਖ਼ਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Tanu

Content Editor

Related News