ਚਾਹ ਵਾਲੇ ਦੀ ਬੇਟੀ ਹੁਣ ਭਾਰਤੀ ਹਵਾਈ ਫੌਜ 'ਚ ਉਡਾਏਗੀ ਲੜਾਕੂ ਜਹਾਜ਼

06/24/2018 1:59:03 PM

ਨਵੀਂ ਦਿੱਲੀ—ਮੱਧ ਪ੍ਰਦੇਸ਼ 'ਚ ਇਕ ਚਾਹ ਵੇਚਣ ਵਾਲੀ ਦੀ ਬੇਟੀ ਹੁਣ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਉਡਾਏਗੀ। ਨੀਮਚ ਜ਼ਿਲੇ 'ਚ ਚਾਹ ਵੇਚਣ ਵਾਲੇ ਦੀ ਬੇਟੀ ਆਂਚਲ ਗੰਗਵਾਲ ਦਾ ਭਾਰਤੀ ਹਵਾਈ ਫੌਜ ਦੇ ਫਲਾਇੰਗ ਬ੍ਰਾਂਚ 'ਚ ਚੋਣ ਹੋਈ ਹੈ। ਜਿਸ ਦੇ ਬਾਅਦ ਆਂਚਲ ਲੜਾਕੂ ਜਹਾਜ਼ ਉਡਾਏਗੀ। ਆਂਚਲ ਨੇ ਕਈ ਮੁਸ਼ਕਲਾਂ ਦਾ ਸਾਹਮਣੇ ਕਰਦੇ ਹੋਏ ਆਪਣਾ ਸਪਨਾ ਪੂਰਾ ਕੀਤਾ ਹੈ। 


ਆਂਚਲ ਨੂੰ ਇਸ ਮੁਕਾਮ ਤੱਕ ਪੁੱਜਣ ਲਈ ਕਈ ਵਾਰ ਅਸਫਲਤਾ ਦਾ ਸਾਹਮਣਾ ਵੀ ਕਰਨਾ ਪਿਆ ਪਰ ਉਨ੍ਹਾਂ ਨੇ ਲਗਾਤਾਰ ਆਪਣੀ ਕੋਸ਼ਿਸ਼ ਜਾਰੀ ਰੱਖੀ ਅਤੇ ਸਫਲਤਾ ਹਾਸਲ ਕੀਤੀ। ਆਂਚਲ ਦਾ ਕਹਿਣਾ ਹੈ ਕਿ ਉਤਰਾਖੰਡ 'ਚ 2013 'ਚ ਹੜ੍ਹ ਦੌਰਾਨ ਭਾਰਤੀ ਹਵਾਈ ਫੌਜ ਨੇ ਜਿਸ ਤਰ੍ਹਾਂ ਨਾਲ ਬਚਾਅ ਮੁਹਿੰਮ ਨੂੰ ਅੰਜਾਮ ਦਿੱਤਾ ਸੀ, ਉਸ ਤੋਂ ਪ੍ਰੇਰਣਾ ਮਿਲੀ ਅਤੇ ਉਨ੍ਹਾਂ ਨੇ ਹਵਾਈ ਫੌਜ 'ਚ ਜਾਣ ਦਾ ਫੈਸਲਾ ਲਿਆ। ਆਂਚਲ ਨੇ ਕਿਹਾ ਜਦੋਂ ਮੈਂ 12ਵੀਂ 'ਚ ਸੀ , ਉਦੋਂ ਉਤਰਾਖੰਡ 'ਚ ਹੜ੍ਹ ਆਇਆ ਸੀ ਅਤੇ ਸੁਰੱਖਿਆ ਫੌਜਾਂ ਨੇ ਜਿਸ ਤਰ੍ਹਾਂ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਬਚਾਇਆ ਸੀ, ਉਸ ਤੋਂ ਮੈਂ ਬਹੁਤ ਪ੍ਰਭਾਵਿਤ ਹੋਈ ਸੀ। ਉਦੋਂ ਮੈਂ ਸੈਨਾ 'ਚ ਜਾਣ ਦਾ ਮਨ ਬਣਾ ਲਿਆ ਸੀ। ਪਰ ਉਸ ਸਮੇਂ ਮੇਰੇ ਪਰਿਵਾਰ ਦੀ ਸਥਿਤੀ ਠੀਕ ਨਹੀਂ ਸੀ। 


ਰਿਪੋਰਟ ਮੁਤਾਬਕ ਆਂਚਲ ਕਈ ਸਾਲਾਂ ਤੋਂ ਮਿਹਨਤ ਕਰ ਰਹੀ ਸੀ ਅਤੇ ਉਸ ਨੇ ਪੰਜ ਵਾਰ ਇੰਟਰਵਿਊ ਵੀ ਦਿੱਤਾ ਅਤੇ 6ਵੀਂ ਵਾਰ ਇੰਟਰਵਿਊ ਦੇਣ 'ਤੇ ਉਸ ਨੂੰ ਸਫਲਤਾ ਮਿਲੀ। ਨਤੀਜੇ 7 ਜੂਨ ਨੂੰ ਐਲਾਨੇ ਗਏ ਸਨ। ਇਸ ਪ੍ਰੀਖਿਆ 'ਚ ਦੇਸ਼ਭਰ 'ਚ ਚੁਣੇ ਗਏ 22 ਉਮੀਦਵਾਰ 'ਚੋਂ ਆਂਚਲ ਇਕ ਹੈ। ਕਰੀਬ 6 ਲੱਖ ਵਿਦਿਆਰਥੀ ਇਸ ਪ੍ਰੀਖਿਆ 'ਚ ਸ਼ਾਮਲ ਹੋਏ ਸਨ। ਆਂਚਲ ਦੇ ਪਿਤਾ ਸੁਰੇਸ਼ ਗੰਗਵਾਲ ਨੀਮਚ ਬੱਸ ਸਟੈਂਡ ਨੇੜੇ ਚਾਹ ਦੀ ਦੁਕਾਨ ਚਲਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਇਸ ਇਲਾਕੇ 'ਚ ਸਾਰੇ ਮੇਰੇ 'ਨਾਮਦੇਵ ਟੀ ਸਟਾਲ' ਦੇ ਬਾਰੇ 'ਚ ਜਾਣਨ ਲੱਗੇ ਅਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਲੋਕ ਆਉਂਦੇ ਹਨ ਅਤੇ ਮੈਨੂੰ ਵਧਾਈ ਦਿੰਦੇ ਹਨ। ਸੁਰੇਸ਼ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ 3 ਬੱਚਿਆਂ ਦੀ ਪੜ੍ਹਾਈ ਦੇ ਅੱਗੇ ਵਿੱਤੀ ਸਥਿਤੀ ਨੂੰ ਕਦੀ ਰੁਕਾਵਟ ਨਹੀਂ ਬਣਨ ਦਿੱਤਾ।