ਸਵਾਰੀਆਂ ਨਾਲ ਭਰੀ ਟਾਟਾ ਸੂਮੋ ਖੱਡ ''ਚ ਡਿੱਗੀ, 12 ਲੋਕਾਂ ਦੀ ਮੌਤ, 2 ਨੇ ਛਾਲ ਮਾਰ ਕੇ ਬਚਾਈ ਜਾਨ

11/19/2022 2:28:11 AM

ਉੱਤਰਾਖੰਡ (ਭਾਸ਼ਾ) : ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਇਕ ਵਾਹਨ ਡੂੰਘੀ ਖੱਡ 'ਚ ਡਿੱਗਣ ਕਾਰਨ ਦੋ ਔਰਤਾਂ ਸਮੇਤ 12 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜ਼ਖ਼ਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚਮੋਲੀ ਦੇ ਐੱਸ. ਪੀ. ਪ੍ਰਮੇਂਦਰ ਡੋਵਾਲ ਨੇ ਦੱਸਿਆ ਕਿ 16 ਯਾਤਰੀਆਂ ਨੂੰ ਲੈ ਕੇ ਜਾ ਰਹੀ ਇਕ ਟਾਟਾ ਸੂਮੋ ਸ਼ਾਮ ਕਰੀਬ 4 ਵਜੇ ਜ਼ਿਲ੍ਹੇ ਦੇ ਜੋਸ਼ੀਮਠ ਖੇਤਰ ਦੇ ਉਰਗ੍ਰਾਮ ਵਿਚ ਖੱਡ ਵਿਚ ਡਿੱਗ ਗਈ। ਦੇਹਰਾਦੂਨ ਸਥਿਤ ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਨੇ ਦੱਸਿਆ ਕਿ ਘਟਨਾ ਦੇ ਸਮੇਂ ਯਾਤਰੀ ਜੋਸ਼ੀਮਠ ਤੋਂ ਪੱਲਾ ਜਾਖੋਲ ਪਿੰਡ ਜਾ ਰਹੇ ਸਨ। ਐੱਸ. ਪੀ. ਨੇ ਅੱਗੇ ਦੱਸਿਆ ਕਿ ਆਖ਼ਰੀ ਸਮੇਂ ਦੋ ਯਾਤਰੀਆਂ ਨੇ ਗੱਡੀ 'ਚੋਂ ਛਾਲ ਮਾਰ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਸ਼ਰਧਾ ਕਤਲਕਾਂਡ : ਚੈਟ ਤੇ ਫੋਟੋ ਨੇ ਬਿਆਨ ਕੀਤੀ ਆਫਤਾਬ ਦੀ ਦਰਿੰਦਗੀ, ਮਿਲੇ ਸਬੂਤ ਤੇ ਗਵਾਹ

ਪੁਲਿਸ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ. ਡੀ. ਆਰ. ਐੱਫ) ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਬਚਾਅ ਕਾਰਜ ਜਾਰੀ ਹਨ। ਇਕ ਚਸ਼ਮਦੀਦ ਨੇ ਪੀ. ਟੀ. ਆਈ. ਨੂੰ ਫੋਨ 'ਤੇ ਦੱਸਿਆ ਕਿ ਖੱਡ ਲਗਭਗ 300 ਮੀਟਰ ਡੂੰਘੀ ਹੈ ਅਤੇ ਜਿਸ ਥਾਂ 'ਤੇ ਹਾਦਸਾਗ੍ਰਸਤ ਵਾਹਨ ਪਿਆ ਹੈ, ਉੱਥੇ ਪਹੁੰਚਣਾ ਮੁਸ਼ਕਲ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ 'ਚ ਜ਼ਿਆਦਾ ਭੀੜ ਸੀ ਅਤੇ ਕੁੱਝ ਲੋਕ ਛੱਤ 'ਤੇ ਵੀ ਬੈਠੇ ਸਨ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਾਦਸੇ 'ਚ ਲੋਕਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਮ੍ਰਿਤਕਾਂ ਦੇ ਪਰਿਵਾਰ ਨੂੰ 2-2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਚਮੋਲੀ ਦੇ ਜ਼ਿਲ੍ਹਾ ਮੈਜਿਸਟਰੇਟ ਹਿਮਾਂਸ਼ੂ ਖੁਰਾਣਾ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਬਚਾਅ ਕਾਰਜ ਤੇਜ਼ ਕਰਨ ਲਈ ਕਿਹਾ। ਧਾਮੀ ਨੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਯਕੀਨੀ ਬਣਾਉਣ ਲਈ ਵੀ ਕਿਹਾ।

ਇਹ ਖ਼ਬਰ ਵੀ ਪੜ੍ਹੋ - 4 ਵਿਆਹ ਕਰਵਾਉਣ 'ਤੇ ਵੀ ਨਾ ਰੁਕਿਆ, ਪੈ ਗਿਆ ਖਿਲਾਰਾ, ਇਕ-ਦੂਜੇ ਦੇ ਗਲ਼ ਪਈਆਂ ਔਰਤਾਂ

ਚਮੋਲੀ 'ਚ ਐੱਸ. ਪੀ. ਦਫ਼ਤਰ ਵੱਲੋਂ ਜਾਰੀ ਸੂਚੀ ਅਨੁਸਾਰ ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਦੀ ਪਛਾਣ ਦਲੀਪ ਸਿੰਘ ਚੌਹਾਨ, ਸੀਤਾਬ ਸਿੰਘ ਚੌਹਾਨ, ਸੁਬੋਧ ਸਿੰਘ, ਵਿਕਰਮ ਸਿੰਘ, ਕਸ਼ਮੀਰਾ ਦੇਵੀ, ਲਕਸ਼ਮਣ ਸਿੰਘ, ਤਾਜਵਰ ਸਿੰਘ, ਰਾਜੇਸ਼ਵਰੀ, ਗਜੇਂਦਰ ਸਿੰਘ, ਰਣਜੀਤ ਸਿੰਘ, ਗੱਬਰ ਸਿੰਘ ਅਤੇ ਸ਼ਿਵ ਸਿੰਘ ਵਜੋਂ ਹੋਈ ਹੈ। ਮਾਰੇ ਗਏ ਜ਼ਿਆਦਾਤਰ ਲੋਕ ਕਿਮਾਣਾ, ਕਾਲਕੋਟ, ਡੁਮਕ ਅਤੇ ਪੱਲਾ ਪਿੰਡ ਦੇ ਸਨ। ਜ਼ਖਮੀਆਂ ਦੀ ਪਛਾਣ ਅਜੀਤ ਯਾਦਵ, ਰੋਹਿਤ ਪ੍ਰਜਾਪਤੀ ਅਤੇ ਮਹਾਵੀਰ ਸਿੰਘ ਵਜੋਂ ਹੋਈ ਹੈ। ਹੇਮੰਤ ਚੌਹਾਨ ਅਤੇ ਜੀਤਪਾਲ ਵਾਲ-ਵਾਲ ਬਚ ਗਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra