ਤਰਨਜੀਤ ਸਿੰਘ ਸੰਧੂ ਨੇ US 'ਚ ਭਾਰਤ ਦੇ ਨਵੇਂ ਅੰਬੈਸਡਰ ਵਜੋਂ ਸੰਭਾਲਿਆ ਅਹੁਦਾ

02/04/2020 8:34:07 AM

ਵਾਸ਼ਿੰਗਟਨ— ਤਰਨਜੀਤ ਸਿੰਘ ਸੰਧੂ ਨੇ ਅਮਰੀਕਾ 'ਚ ਭਾਰਤ ਦੇ ਅਗਲੇ ਅੰਬੈਸਡਰ ਵਜੋਂ ਵਾਸ਼ਿੰਗਟਨ ਡੀ. ਸੀ. 'ਚ ਕਾਰਜਭਾਰ ਸੰਭਾਲ ਲਿਆ ਹੈ। ਵਿਦੇਸ਼ ਮੰਤਰਾਲੇ ਮੁਤਾਬਕ ਸੰਧੂ ਨੇ ਅਮਰੀਕਾ ਦੇ ਸਾਬਕਾ ਅੰਬੈਸਡਰ ਹਰਸ਼ਵਰਧਨ ਸ਼੍ਰਿੰਗਲਾ ਦੀ ਥਾਂ ਲਈ ਜੋ ਭਾਰਤ ਦੇ ਅਗਲੇ ਵਿਦੇਸ਼ ਸਕੱਤਰ ਹੋਣਗੇ। 1998 ਬੈਚ ਦੇ ਆਈ. ਐੱਫ. ਐੱਸ. ਸੰਧੂ ਪਹਿਲਾਂ ਸ਼੍ਰੀਲੰਕਾ 'ਚ ਭਾਰਤ ਦੇ ਹਾਈ ਕਮਿਸ਼ਨਰ ਰਹੇ ਹਨ। ਸ਼੍ਰੀਲੰਕਾ ਵਿਚ ਹਾਈ ਕਮਿਸ਼ਨਰ ਦੇ ਤੌਰ 'ਤੇ ਆਪਣੀ ਮੌਜੂਦਾ ਤਾਇਨਾਤੀ ਤੋਂ ਪਹਿਲਾਂ ਉਹ 2013 ਤੋਂ ਲੈ ਕੇ 2017 ਤਕ ਵਾਸ਼ਿੰਗਟਨ ਡੀ. ਸੀ. ਵਿਚ ਭਾਰਤੀ ਮਿਸ਼ਨ ਦੇ ਡਿਪਟੀ ਚੀਫ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ 2011 ਤੋਂ ਲੈ ਕੇ 2013 ਤਕ ਫਰੈਂਕਫਰਟ 'ਚ ਕਾਊਂਸਲ ਜਨਰਲ ਆਫ ਇੰਡੀਆ ਦੇ ਅਹੁਦੇ 'ਤੇ ਵੀ ਕੰਮ ਕੀਤਾ ਹੈ। ਇਸ ਤੋਂ ਪਹਿਲਾਂ ਯੂਨਾਈਟਿਡ ਨੇਸ਼ਨ ਵਿਚ ਭਾਰਤੀ ਮਿਸ਼ਨ 'ਚ ਸਥਾਈ ਤਾਇਨਾਤੀ ਦੌਰਾਨ ਵੀ ਉਹ 2005 ਤੋਂ ਲੈ ਕੇ 2009 ਤਕ ਨਿਊਯਾਰਕ ਵਿਚ ਰਹੇ ਹਨ।
ਉਹ 1997 ਤੋਂ ਲੈ ਕੇ 2000 ਤਕ ਕਰੀਬ 4 ਸਾਲ ਤਕ ਵਾਸ਼ਿੰਗਟਨ 'ਚ ਸਥਿਤੀ ਭਾਰਤੀ ਅੰਬੈਸੀ ਵਿਚ ਬਤੌਰ ਸਕੱਤਰ (ਰਾਜਨੀਤਕ) ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਇਸ ਲਿਹਾਜ ਨਾਲ ਉਨ੍ਹਾਂ ਨੇ ਆਪਣੇ 30 ਸਾਲ ਦੇ ਕਰੀਅਰ ਵਿਚੋਂ ਕਰੀਬ 15 ਸਾਲ ਅਮਰੀਕਾ ਵਿਚ ਬਿਤਾਏ ਹਨ। ਲਿਹਾਜ਼ਾ ਉਨ੍ਹਾਂ ਦੇ ਅਮਰੀਕੀ ਡਿਪਲੋਮੈਟਸ ਦੇ ਨਾਲ-ਨਾਲ ਸਿਆਸੀ ਪਾਰਟੀਆਂ ਨਾਲ ਵੀ ਚੰਗੇ ਸਬੰਧ ਹਨ ਅਤੇ ਉਨ੍ਹਾਂ ਦੀ ਅਮਰੀਕਾ 'ਚ ਦੁਬਾਰਾ ਤਾਇਨਾਤੀ ਭਾਰਤ-ਅਮਰੀਕਾ ਰਿਸ਼ਤਿਆਂ ਨੂੰ ਨਵੇਂ ਅਯਾਮ ਦੇ ਸਕਦੀ ਹੈ।

ਸ਼੍ਰੀਲੰਕਾ ਨੂੰ ਫਿਰ ਭਾਰਤ ਦੇ ਕਰੀਬ ਲਿਆਏ ਸੰਧੂ-
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸ਼੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਰਾਜਪਕਸ਼ੇ ਗੋਟਾਬਾਯਾ ਦਰਮਿਆਨ ਨਵੇਂ ਰਿਸ਼ਤੇ ਬਣਾਉਣ ਵਿਚ ਉਨ੍ਹਾਂ ਦਾ ਅਹਿਮ ਯੋਗਦਾਨ ਸੀ। ਦੋਵਾਂ ਦੇਸ਼ਾਂ ਵਿਚਾਲੇ ਪਿਛਲੇ ਕੁਝ ਸਾਲਾਂ ਵਿਚ ਕਾਫੀ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ ਸੀ ਪਰ ਸੰਧੂ ਨੇ ਆਪਣੀ ਕੂਟਨੀਤਕ ਸੂਝਬੂਝ ਦਾ ਸਬੂਤ ਦਿੰਦੇ ਹੋਏ ਨਾ ਸਿਰਫ ਚੀਨ ਦੇ ਪਾਲੇ ਵਿਚ ਝੁਕ ਰਹੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਜਪਕਸ਼ੇ ਨੂੰ ਭਾਰਤ ਦੇ ਕਰੀਬ ਲਿਆਉਣ ਦਾ ਕੰਮ ਕੀਤਾ ਸਗੋਂ ਦੋਵਾਂ ਦੇਸ਼ਾਂ ਦੇ ਦਰਮਿਆਨ ਸਬੰਧਾਂ ਵਿਚ ਚੱਲ ਰਹੇ ਤਣਾਅ ਨੂੰ ਖਤਮ ਕਰ ਕੇ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਵੀ ਕੀਤੀ। ਸ਼੍ਰੀਲੰਕਾ ਵਿਚ ਚੀਨ ਵਲੋਂ ਕੀਤੇ ਜਾ ਰਹੇ ਨਿਵੇਸ਼ ਕਾਰਣ ਸ਼੍ਰੀਲੰਕਾ ਲਗਾਤਾਰ ਚੀਨ ਵੱਲ ਝੁਕ ਰਿਹਾ ਸੀ ਅਤੇ ਇਹ ਸਿਆਸੀ ਤੌਰ 'ਤੇ ਭਾਰਤ ਦੇ ਲਈ ਚਿੰਤਾਜਨਕ ਸਥਿਤੀ ਹੈ ਪਰ ਸੰਧੂ ਦੇ ਤਜਰਬੇ ਅਤੇ ਯਤਨਾਂ ਨਾਲ ਗੁਆਂਢੀ ਸ਼੍ਰੀਲੰਕਾ ਤੇ ਭਾਰਤ ਦੇ ਰਿਸ਼ਤੇ ਸੁਧਰੇ ਹਨ।

1988 ਵਿਚ ਭਾਰਤੀ ਵਿਦੇਸ਼ ਸੇਵਾ ਜੁਆਇਨ ਕਰਨ ਵਾਲੇ ਤਰਨਜੀਤ ਸਿੰਘ ਸੰਧੂ ਨੂੰ 30 ਸਾਲ ਦਾ ਲੰਮਾ ਤਜਰਬਾ ਹੈ। ਆਪਣੇ ਕਾਰਜਕਾਲ ਦੌਰਾਨ ਉਹ ਅਮਰੀਕਾ, ਰੂਸ, ਸ਼੍ਰੀਲੰਕਾ ਸਮੇਤ ਕਈ ਹੋਰ ਦੇਸ਼ਾਂ ਵਿਚ ਸੇਵਾਵਾਂ ਦੇ ਚੁੱਕੇ ਹਨ। ਇਨ੍ਹਾਂ ਦੀ ਨਿਯੁਕਤੀ ਨੂੰ ਮੋਦੀ ਦਾ ਟਰੰਪ ਕਾਰਡ ਮੰਨਿਆ ਜਾ ਰਿਹਾ ਹੈ।

ਇਕ ਨਜ਼ਰ ਉਨ੍ਹਾਂ ਦੇ ਕਰੀਅਰ 'ਤੇ

1990 ਤੋਂ 1992

* ਸੋਵੀਅਤ ਯੂਨੀਅਨ 'ਚ ਤੀਜੇ ਸਕੱਤਰ (ਰਾਜਨੀਤਕ) ਦੂਜੇ ਸਕੱਤਰ (ਕਮਰਸ਼ੀਅਲ)

1992 ਤੋਂ 1994

* ਕੀਵ 'ਚ ਭਾਰਤੀ ਦੂਤਘਰ 'ਚ ਰਾਜਨੀਤਕ ਤੇ ਪ੍ਰਸ਼ਾਸਨਿਕ ਵਿੰਗ ਦੇ ਮੁਖੀ

1994 ਤੋਂ 1997

ਵਿਦੇਸ਼ ਮੰਤਰਾਲਾ 'ਚ ਮੀਡੀਆ ਤਾਲਮੇਲ ਲਈ ਆਫੀਸਰ ਆਨ ਸਪੈਸ਼ਲ ਡਿਊਟੀ

1997 ਤੋਂ 2000

* ਵਾਸ਼ਿੰਗਟਨ ਡੀ.ਸੀ. 'ਚ ਭਾਰਤੀ ਅੰਬੈਸੀ 'ਚ ਸਕੱਤਰ (ਰਾਜਨੀਤਕ)

ਦਸੰਬਰ 2000 ਤੋਂ ਸਤੰਬਰ 2004

* ਕੋਲੰਬੋ 'ਚ ਇੰਡੀਅਨ ਹਾਈ ਕਮਿਸ਼ਨ ਦੇ ਰਾਜਨੀਤਕ ਵਿੰਗ ਦੇ ਮੁਖੀ ਦੇ ਤੌਰ 'ਤੇ ਤਾਇਨਾਤੀ

ਜੁਲਾਈ 2005 ਤੋਂ ਫਰਵਰੀ 2009

* ਯੂਨਾਈਟਿਡ ਨੇਸ਼ਨ 'ਚ ਭਾਰਤੀ ਮਿਸ਼ਨ 'ਚ ਸਥਾਈ ਤਾਇਨਾਤੀ

ਮਾਰਚ 2009 ਤੋਂ ਅਗਸਤ 2011

* ਵਿਦੇਸ਼ ਮੰਤਰਾਲਾ 'ਚ ਜੁਆਇੰਟ ਸੈਕਟਰੀ (ਯੂ. ਐੱਨ.) ਅਤੇ ਜੁਆਇੰਟ ਸੈਕਟਰੀ (ਪ੍ਰਸ਼ਾਸਨ)

ਸਤੰਬਰ 2011 ਤੋਂ ਜੁਲਾਈ 2013

* ਫਰੈਂਕਫਰਟ 'ਚ ਕੌਂਸਲ ਜਨਰਲ ਆਫ ਇੰਡੀਆ

ਜੁਲਾਈ 2013 ਤੋਂ ਜਨਵਰੀ 2017

* ਵਾਸ਼ਿੰਗਟਨ ਡੀ.ਸੀ. 'ਚ ਭਾਰਤੀ ਮਿਸ਼ਨ ਦੇ ਡਿਪਟੀ ਚੀਫ