ਡੋਕਲਾਮ ਮੁੱਦੇ ਦੇ ਬਾਅਦ ਸ਼ੁੱਕਰਵਾਰ ਨੂੰ ਹੋਵੇਗੀ ਚੀਨ-ਭਾਰਤ ''ਚ ਸਰਹੱਦੀ ਗੱਲਬਾਤ

12/20/2017 5:02:32 PM

ਬੀਜਿੰਗ/ਨਵੀਂ ਦਿੱਲੀ (ਭਾਸ਼ਾ)— ਭਾਰਤ ਅਤੇ ਚੀਨ ਸ਼ੁੱਕਰਵਾਰ ਨੂੰ ਅਗਲੇ ਦੌਰ ਦੀ ਸਰਹੱਦੀ ਗੱਲਬਾਤ ਕਰਨਗੇ। ਗਰਮੀਆਂ ਦੇ ਦਿਨਾਂ ਵਿਚ ਦੋਹਾਂ ਦੇਸ਼ਾਂ ਵਿਚਕਾਰ ਡੋਕਲਾਮ ਮੁੱਦੇ 'ਤੇ 73 ਦਿਨਾਂ ਤੱਕ ਚੱਲੇ ਮਿਲਟਰੀ ਗਤੀਰੋਧ ਦੇ ਬਾਅਦ ਪਹਿਲੀ ਵਾਰੀ ਇਹ ਗੱਲਬਾਤ ਹੋਵੇਗੀ। ਵਿਦੇਸ਼ ਮੰਤਰਾਲੇ ਦੇ ਬੁਲਾਰਾ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਅਤੇ ਸੀਮਾ ਵਿਵਾਦ 'ਤੇ ਵਿਸ਼ੇਸ ਪ੍ਰਤੀਨਿਧੀ ਅਜੀਤ ਡੋਭਾਲ ਦੇ ਸੱਦੇ 'ਤੇ ਚੀਨ ਦੇ ਵਿਸ਼ੇਸ਼ ਪ੍ਰਤੀਨਿਧੀ ਯਾਂਗ ਜਿਵੇਚੀ 22 ਦਸੰਬਰ ਨੂੰ ਵਿਸ਼ੇਸ਼ ਪ੍ਰਤੀਨਿਧੀ ਪੱਧਰ ਦੀ ਗੱਲਬਾਤ ਲਈ ਭਾਰਤ ਦਾ ਦੌਰਾ ਕਰਨਗੇ।
ਗੱਲਬਾਤ ਤੋਂ ਪਹਿਲਾਂ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰਾ ਹੁਆ ਚੁਨਯਿੰਗ ਨੇ ਮੀਡੀਆ ਨੂੰ ਦੱਸਿਆ ਕਿ ਵਿਸ਼ੇਸ਼ ਪ੍ਰਤੀਨਿਧੀ ਪੱਧਰ ਦੀ ਗੱਲਬਾਤ ਨਾ ਸਿਰਫ ਸਰਹੱਦੀ ਸੁਰੱਖਿਆ ਦੀ ਚਰਚਾ ਲਈ ਇਕ ਉੱਚ ਪੱਧਰੀ ਮਾਧਿਅਮ ਹੈ ਬਲਕਿ ਰਣਨੀਤਕ ਸੰਚਾਰ ਲਈ ਵੀ ਇਕ ਮੰਚ ਹੈ। ਹੁਆ ਨੇ ਕਿਹਾ ਕਿ ਸਾਲ 2017 ਵਿਚ ਚੀਨ-ਭਾਰਤ ਸੰਬੰਧ ਸਧਾਰਨ ਤੌਰ 'ਤੇ ਚੰਗੇ ਰਹੇ ਪਰ ਡੋਕਲਾਮ ਘਟਨਾ ਨੇ ਦੋਹਾਂ ਦੇਸ਼ਾਂ ਲਈ ਇਕ ਵੱਡੀ ਚੁਣੌਤੀ ਪੇਸ਼ ਕੀਤੀ ਹੈ।