ਲਾਲੂ ਯਾਦਵ ਦੀ ਧੀ ਨੇ ਕੀਤੀ ਭਾਵੁਕ ਪੋਸਟ- ''ਮੇਰੇ ਪਾਪਾ ਦਾ ਧਿਆਨ ਰੱਖਣਾ''

02/11/2023 10:44:32 AM

ਨਵੀਂ ਦਿੱਲੀ (ਏਜੰਸੀ)- ਰਾਸ਼ਟਰੀ ਜਨਤਾ ਦਲ (ਰਾਜਦ) ਮੁਖੀ ਲਾਲੂ ਪ੍ਰਸਾਦ ਯਾਦਵ, ਜਿਨ੍ਹਾਂ ਦੀ ਪਿਛਲੇ ਸਾਲ ਦਸੰਬਰ 'ਚ ਸਿੰਗਾਪੁਰ 'ਚ ਕਿਡਨੀ ਟਰਾਂਸਪਲਾਂਟ ਸਰਜਰੀ ਹੋਈ ਸੀ, ਸ਼ਨੀਵਾਰ ਨੂੰ ਭਾਰਤ ਆ ਜਾਣਗੇ। ਲਾਲੂ ਦੀ ਧੀ ਰੋਹਿਣੀ ਆਚਾਰੀਆ, ਜਿਨ੍ਹਾਂ ਨੇ ਆਪਣੇ ਪਿਤਾ ਨੂੰ ਕਿਡਨੀ ਦਾਨ ਕੀਤੀ ਸੀ ਨੇ ਟਵਿੱਟਰ 'ਤੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਲਾਲੂ ਦੀ ਧੀ ਨੇ ਕਿਹਾ ਕਿ ਰਾਜਦ ਮੁਖੀ ਸ਼ਨੀਵਾਰ ਨੂੰ ਭਾਰਤ ਲਈ ਰਵਾਨਾ ਹੋਣਗੇ। ਰੋਹਿਣੀ ਆਚਾਰੀਆ ਨੇ ਟਵੀਟ ਕੀਤਾ,''ਇਕ ਜ਼ਰੂਰੀ ਗੱਲ ਕਹਿਣੀ ਹੈ। ਇਹ ਜ਼ਰੂਰੀ ਗੱਲ ਸਾਡੇ ਨੇਤਾ ਲਾਲੂ ਜੀ ਦੀ ਸਿਹਤ ਦੀ ਹੈ। ਪਾਪਾ 11 ਫਰਵਰੀ ਨੂੰ ਸਿੰਗਾਪੁਰ ਤੋਂ ਭਾਰਤ ਜਾ ਰਹੇ ਹਨ। ਮੈਂ ਧੀ ਦਾ ਫਰਜ਼ ਨਿਭਾ ਰਹੀ ਹਾਂ। ਤੁਹਾਡੇ ਸਾਰਿਆਂ ਵਿਚਾਲੇ ਪਾਪਾ ਨੂੰ ਸਿਹਤਮੰਦ ਕਰ ਕੇ ਭੇਜ ਰਹੀ ਹਾਂ। ਹੁਣ ਤੁਸੀਂ ਸਾਰੇ ਮੇਰੇ ਪਿਤਾ ਦੀ ਦੇਖਭਾਲ ਕਰੋਗੇ।'' 

ਲਾਲੂ ਯਾਦਵ ਦੀ ਪਿਛਲੇ ਸਾਲ ਦਸੰਬਰ 'ਚ ਸਿੰਗਾਪੁਰ ਦੇ ਇਕ ਹਸਪਤਾਲ 'ਚ ਕਿਡਨੀ ਟਰਾਂਸਪਲਾਂਟ ਸਰਜਰੀ ਹੋਈ ਸੀ। ਉਨ੍ਹਾਂ ਦੀ ਸਰਜਰੀ ਤੋਂ ਬਾਅਦ, ਲਾਲੂ ਦੇ ਪੁੱਤ ਅਤੇ ਬਿਹਾਰ ਦੇ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਉਦੋਂ ਟਵੀਟ ਕੀਤਾ ਸੀ,''ਮੇਰੇ ਪਿਤਾ ਦੀ ਕਿਡਨੀ ਟਰਾਂਸਪਲਾਂਟ ਦੇ ਸਫ਼ਲ ਆਪਰੇਸ਼ਨ ਤੋਂ ਬਾਅਦ, ਉਨ੍ਹਾਂ ਨੂੰ ਆਪਰੇਸ਼ਨ ਥੀਏਟਰ ਤੋਂ ਆਈ.ਸੀ.ਯੂ. 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਵੱਡੀ ਭੈਣ ਰੋਹਿਣੀ ਆਚਾਰੀਆ ਅਤੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਦੋਵੇਂ ਸਿਹਤਮੰਦ ਹਨ। ਤੁਹਾਡੀਆਂ ਪ੍ਰਾਰਥਨਾਵਾਂ ਅਤੇ ਸ਼ੁੱਭਕਾਮਨਾਵਾਂ ਲਈ ਧੰਨਵਾਦ।''

DIsha

This news is Content Editor DIsha