ਨਰਸਾਂ ਨਾਲ ਭੱਦਾ ਵਰਤਾਓ ਕਰਨ ਵਾਲਿਆਂ ਖਿਲਾਫ ਰਾਸੁਕਾ ਤਹਿਤ ਹੋਵੇਗੀ ਕਾਰਵਾਈ

04/03/2020 10:33:26 PM

ਲਖਨਊ (ਨਾਸਿਰ) — ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮੱਦੇਨਜ਼ਰ ਲਾਕਡਾਊਨ ਦੌਰਾਨ ਪੁਲਸ ਕਰਮਚਾਰੀਆਂ ਅਤੇ ਮੈਡੀਕਲ ਸਟਾਫ ਨਾਲ ਭੱਦਾ ਵਰਤਾਓ ਜਾਂ ਮਾਰਕੁੱਟ ਕਰਨ ਵਾਲੇ ਲੋਕਾਂ ਖਿਲਾਫ ਯੂ. ਪੀ. ਸਰਕਾਰ ਬਹੁਤ ਸਖਤ ਕਾਰਵਾਈ ਕਰੇਗੀ ਅਤੇ ਇਨ੍ਹਾਂ ’ਤੇ ਰਾਸੁਕਾ ਵੀ ਲਾਇਆ ਜਾ ਸਕਦਾ ਹੈ। ਅੱਪਰ ਮੁੱਖ ਸਕੱਤਰ (ਗ੍ਰਹਿ) ਅਵਨੀਸ਼ ਅਵਸਥੀ ਨੇ ਦੱਸਿਆ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਗਾਜ਼ੀਆਬਾਦ ’ਚ ਨਰਸਾਂ ਨਾਲ ਭੱਦਾ ਵਰਤਾਓ ਕਰਨ ਵਾਲਿਆਂ ’ਤੇ ਰਾਸੁਕਾ ਲਾਉਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਅਤੇ ਮੈਡੀਕਲ ਟੀਮ ’ਤੇ ਹਮਲਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਵੇਗੀ।

ਉਨ੍ਹਾਂ ਨੇ ਗਾਜ਼ੀਆਬਾਦ ਦੇ ਇਕ ਹਸਪਤਾਲ ’ਚ ਨਰਸਾਂ ਅਤੇ ਹੋਰ ਮੈਡੀਕਲ ਸਟਾਫ ਦੇ ਨਾਲ ਉਥੇ ਦਾਖਲ ਲੋਕਾਂ ਵਲੋਂ ਮਾੜਾ ਵਰਤਾਓ ਕੀਤੇ ਜਾਣ ਦੀ ਘਟਨਾ ਸਬੰਧੀ ਕਿਹਾ ਕਿ ਮੁੱਖ ਮੰਤਰੀ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਹੈ ਕਿ ਇਹ ਨਾ ਕਾਨੂੰਨ ਮੰਨਣਗੇ, ਨਾ ਵਿਵਸਥਾ ਨੂੰ ਮੰਨਣਗੇ, ਇਹ ਮਨੁੱਖਤਾ ਦੇ ਦੁਸ਼ਮਣ ਹਨ। ਜੋ ਇਨ੍ਹਾਂ ਨੇ ਮਹਿਲਾ ਸਿਹਤ ਕਰਮਚਾਰੀਆਂ ਨਾਲ ਕੀਤਾ ਹੈ, ਉਹ ਇਕ ਵੱਡਾ ਅਪਰਾਧ ਹੈ। ਇਨ੍ਹਾਂ ’ਤੇ ਰਾਸੁਕਾ ਲਾਇਆ ਜਾਵੇਗਾ। ਅਸੀਂ ਇਨ੍ਹਾਂ ਨੂੰ ਛੱਡਾਂਗੇ ਨਹੀਂ।

Inder Prajapati

This news is Content Editor Inder Prajapati