ਸਵਾਮੀ ਵਿਵੇਕਾਨੰਦ ਜੀ ਦਾ ਇਹ ਮੰਤਰ ਨੌਜਵਾਨਾਂ ਲਈ ਬਣਿਆ ਪ੍ਰੇਰਣਾ

01/12/2019 12:57:18 PM

ਨਵੀਂ ਦਿੱਲੀ— ਅਮਰੀਕਾ ਵਿਚ ਆਪਣੇ ਅਸਾਧਾਰਨ ਹੁਨਰ ਦਾ ਲੋਹਾ ਮਨਵਾਉਣ ਵਾਲੇ ਸਵਾਮੀ ਵਿਵੇਕਾਨੰਦ ਜੀ ਦਾ ਅੱਜ ਦੇ ਦਿਨ ਯਾਨੀ ਕਿ 12 ਜਨਵਰੀ 1863 'ਚ ਜਨਮ ਹੋਇਆ ਸੀ। ਸਵਾਮੀ ਵਿਵੇਕਾਨੰਦ ਆਪਣੇ ਬੇਬਾਕ ਭਾਸ਼ਣਾਂ ਕਾਰਨ ਕਾਫੀ ਲੋਕਪ੍ਰਿਯ ਹੋਏ, ਖਾਸ ਕਰ ਕੇ ਨੌਜਵਾਨਾਂ ਵਿਚਾਲੇ। ਇਸ ਕਾਰਨ ਉਨ੍ਹਾਂ ਦੇ ਜਨਮ ਦਿਨ ਨੂੰ ਪੂਰਾ ਰਾਸ਼ਟਰ 'ਯੁਵਾ ਦਿਵਸ' ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਮਨੁੱਖਤਾਂ ਦੀ ਸੇਵਾ ਲਈ 1897 ਵਿਚ ਰਾਮਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕੀਤੀ। ਇਸ ਮਿਸ਼ਨ ਦਾ ਨਾਂ ਵਿਵੇਕਾਨੰਦ ਨੇ ਆਪਣੇ ਗੁਰੂ ਰਾਮਕ੍ਰਿਸ਼ਨ ਪਰਮਹੰਸ ਦੇ ਨਾਂ 'ਤੇ ਰੱਖਿਆ ਸੀ। ਉਠੋ, ਜਾਗੋ ਅਤੇ ਉਦੋਂ ਤਕ ਨਾ ਰੁਕੋ ਜਦੋਂ ਤਕ ਮੰਜ਼ਲ ਪ੍ਰਾਪਤ ਨਾ ਹੋ ਜਾਵੇ। ਇਹ ਮੰਤਰ ਨੌਜਵਾਨਾਂ ਨੂੰ ਸਵਾਮੀ ਵਿਵੇਕਾਨੰਦ ਜੀ ਨੇ ਦਿੱਤਾ ਸੀ। ਇਹ ਮੰਤਰ ਅੱਜ ਵੀ ਨੌਜਵਾਨਾਂ ਨੂੰ ਇਕ ਨਵੀਂ ਸ਼ਕਤੀ ਦਿੰਦਾ ਹੈ। ਬ੍ਰਿਟਿਸ਼ ਹਕੂਮਤ ਦੇ ਸਮੇਂ ਨੌਜਵਾਨਾਂ ਨੂੰ ਆਜ਼ਾਦੀ ਲਈ ਦਿੱਤਾ ਗਿਆ ਇਹ ਮੰਤਰ ਅੱਜ ਵੀ ਭਾਰਤੀ ਨੌਜਵਾਨਾਂ ਲਈ ਮੁਸ਼ਕਲ ਦੀ ਘੜੀ ਵਿਚ ਪ੍ਰੇਰਣਾ ਦਾ ਕੰਮ ਕਰਦਾ ਹੈ। 

ਸਵਾਮੀ ਵਿਵੇਕਾਨੰਦ ਜੀ ਨੇ ਆਪਣੇ ਪਰਿਵਾਰ ਨੂੰ 25 ਸਾਲ ਦੀ ਉਮਰ ਵਿਚ ਛੱਡ ਦਿੱਤਾ ਅਤੇ ਇਕ ਸਾਧੂ ਬਣ ਗਏ। ਉਨ੍ਹਾਂ ਦੀ ਮਾਤਾ ਭੁਵਨੇਸ਼ਵਰੀ ਦੇਵੀ ਧਾਰਮਿਕ ਵਿਚਾਰਾਂ ਵਾਲੀ ਔਰਤ ਸੀ। ਉਨ੍ਹਾਂ ਦਾ ਜ਼ਿਆਦਾਤਰ ਸਮਾਂ ਭਗਵਾਨ ਸ਼ਿਵ ਦੀ ਪੂਜਾ ਵਿਚ ਬਤੀਤ ਹੁੰਦਾ ਸੀ। ਉਨ੍ਹਾਂ ਦੇ ਪਿਤਾ ਵਿਸ਼ਵਨਾਥ ਦੱਤ ਅਤੇ ਮਾਂ ਦੇ ਧਾਰਮਿਕ ਅਤੇ ਤਰਕ ਸੰਗਤ ਰਵੱਈਏ ਨੇ ਉਨ੍ਹਾਂ ਦੀ ਸੋਚ ਅਤੇ ਵਿਅਕਤੀਤੱਵ ਨੂੰ ਆਕਾਰ ਦੇਣ 'ਚ ਮਦਦ ਕੀਤੀ। ਬਹੁਤ ਘੱਟ ਉਮਰ ਵਿਚ ਹੀ ਉਨ੍ਹਾਂ ਨੇ ਗਿਆਨ ਦਾ ਲੋਹਾ ਪੂਰੀ ਦੁਨੀਆ ਵਿਚ ਮਨਵਾ ਲਿਆ ਸੀ। ਅਮਰੀਕਾ ਦੇ ਸ਼ਿਕਾਗੋ ਵਿਚ 1893 ਵਿਚ ਆਯੋਜਿਤ ਵਿਸ਼ਵ ਧਰਮ ਸੰਸਦ ਵਿਚ ਦੁਨੀਆ ਦੇ ਸਾਰੇ ਧਰਮਾਂ ਦੇ ਪ੍ਰਤੀਨਿਧੀਆਂ ਵਿਚਾਲੇ ਸਨਾਤਨ ਧਰਮ ਦੀ ਨੁਮਾਇੰਦਗੀ ਕਰਦੇ ਹੋਏ ਵਿਵੇਕਾਨੰਦ ਨੇ ਜੋ ਯਾਦਗਾਰ ਭਾਸ਼ਣ ਦਿੱਤਾ ਸੀ, ਉਸ ਨੇ ਦੁਨੀਆ ਭਰ ਵਿਚ ਭਾਰਤ ਦੀ ਵਿਰਾਸਤ ਅਤੇ ਗਿਆਨ ਦਾ ਡੰਕਾ ਵਜਾ ਦਿੱਤਾ ਸੀ।

ਵਿਵੇਕਾਨੰਦ ਜੀ ਦੇ ਸੰਦੇਸ਼ ਦੇ ਕੁਝ ਅੰਸ਼—
- ਉਠੋ, ਜਾਗੋ ਅਤੇ ਉਦੋਂ ਤਕ ਨਾ ਰੁਕੋ ਜਦੋਂ ਤਕ ਮੰਜ਼ਲ ਪ੍ਰਾਪਤ ਨਾ ਹੋ ਜਾਵੇ।
- ਸਾਡੀ ਜ਼ਿੰਮੇਵਾਰੀ ਹੈ ਕਿ ਹਰ ਸੰਘਰਸ਼ ਕਰਨ ਵਾਲੇ ਨੂੰ ਉਤਸ਼ਾਹਿਤ ਕਰਨਾ, ਤਾਂ ਕਿ ਉਹ ਸੁਪਨੇ ਨੂੰ ਸੱਚ ਕਰ ਸਕੇ ਅਤੇ ਉਸ ਨੂੰ ਜੀਅ ਸਕੇ।
- ਖੁਦ ਨੂੰ ਕਮਜ਼ੋਰ ਸਮਝਣਾ ਹੀ ਸਭ ਤੋਂ ਵੱਡਾ ਪਾਪ ਹੈ। 
-ਬ੍ਰਹਿਮੰਡ 'ਚ ਕੋਈ ਵੀ ਸ਼ਕਤੀ, ਕਿਸੇ ਵੀ ਵਿਅਕਤੀ ਨੂੰ ਉਸ ਚੀਜ਼ ਨੂੰ ਹਾਸਲ ਕਰਨ ਤੋਂ ਨਹੀਂ ਰੋਕ ਸਕਦੀ ਹੈ, ਜਿਸ ਦਾ ਉਹ ਅਸਲ ਵਿਚ ਹੱਕਦਾਰ ਹੈ। ਉਸ ਦੀ ਇੱਛਾ ਸ਼ਕਤੀ ਦੇ ਸਾਹਮਣੇ ਹਰ ਚੀਜ਼ ਨੂੰ ਸਿਰ ਝੁਕਾਉਣਾ ਪਵੇਗਾ, ਕਿਉਂਕਿ ਉਹ ਸਿੱਧੇ ਭਗਵਾਨ ਤੋਂ ਆਉਂਦੀ ਹੈ। ਇਕ ਸ਼ੁੱਧ ਅਤੇ ਸ਼ਕਤੀਸ਼ਾਲੀ ਸੰਕਲਪ ਸਰਵ ਸ਼ਕਤੀਮਾਨ ਹੈ।
- ਕੋਈ ਟੀਚਾ ਮਨੁੱਖ ਦੇ ਸਾਹਸ ਤੋਂ ਵੱਡਾ ਨਹੀਂ, ਹਾਰਿਆ ਉਹੀ ਜੋ ਲੜਿਆ ਨਹੀਂ। 
- ਜਦੋਂ ਤਕ ਤੁਸੀਂ ਖੁਦ 'ਤੇ ਭਰੋਸਾ ਨਹੀਂ ਕਰ ਸਕਦੇ, ਉਦੋਂ ਤਕ ਖੁਦਾ ਜਾਂ ਭਗਵਾਨ 'ਤੇ ਭਰੋਸਾ ਨਹੀਂ ਕਰ ਸਕਦੇ।
-ਕੋਈ ਇਕ ਜ਼ਿੰਦਗੀ ਦਾ ਟੀਚਾ ਬਣਾ ਲਵੋ ਅਤੇ ਉਸ ਵਿਚਾਰ ਨੂੰ ਆਪਣੀ ਜ਼ਿੰਦਗੀ ਵਿਚ ਅਪਣਾਓ। ਉਸ ਵਿਚਾਰ ਨੂੰ ਵਾਰ-ਵਾਰ ਸੋਚੋ। ਉਸ ਦੇ ਸੁਪਨੇ ਦੇਖੋ। ਉਸ ਨੂੰ ਜਿਓ। ਦਿਮਾਗ, ਮਾਸਪੇਸ਼ੀਆਂ, ਨਸਾਂ ਅਤੇ ਸਰੀਰ ਦਾ ਹਰ ਹਿੱਸਾ ਉਸ ਵਿਚਾਰ ਨਾਲ ਭਰ ਲਵੋ ਅਤੇ ਬਾਕੀ ਵਿਚਾਰਾਂ ਦਾ ਤਿਆਰ ਕਰ ਦਿਉ। ਇਹ ਹੀ ਸਫਲ ਹੋਣ ਦਾ ਰਾਜ਼ ਹੈ। ਸਫਲਤਾ ਦਾ ਰਸਤਾ ਵੀ ਇਹ ਹੀ ਹੈ।

Tanu

This news is Content Editor Tanu