2 ਮਹੀਨੇ ਪਹਿਲਾਂ ਹੋਇਆ ਸੀ ਸਮੂਹਕ ਬਲਾਤਕਾਰ, ਹੁਣ ਫਾਹੇ ਨਾਲ ਲਟਕੀ ਲਾਸ਼

12/11/2017 4:36:33 PM

ਮੁਰੈਨਾ— ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲੇ 'ਚ 2 ਮਹੀਨੇ ਪਹਿਲਾਂ ਸਮੂਹਕ ਬਲਾਤਕਾਰ ਦੀ ਸ਼ਿਕਾਰ ਬਣੀ ਇਕ ਔਰਤ ਦੀ ਲਾਸ਼ ਸ਼ੱਕੀ ਹਾਲਾਤਾਂ 'ਚ ਇਕ ਦਰੱਖਤ ਨਾਲ ਲਟਕੀ ਹੋਈ ਬਰਾਮਦ ਹੋਈ ਹੈ। ਔਰਤ ਦੇ ਹੱਥਾਂ 'ਤੇ 'ਮੈਂ ਖੁਦਕੁਸ਼ੀ ਕਰ ਰਹੀ ਹਾਂ' ਲਿਖਿਆ ਹੋਇਆ ਹੈ। ਹਾਲਾਂਕਿ ਮ੍ਰਿਤਕਾ ਦੇ ਪਤੀ ਦਾ ਦੋਸ਼ ਹੈ ਕਿ ਸਮੂਹਕ ਬਲਾਤਕਾਰ ਦੇ ਦੋਸ਼ੀਆਂ ਨੇ ਔਰਤ ਦਾ ਕਤਲ ਕਰ ਕੇ ਉਸ ਦੇ ਹੱਥਾਂ 'ਤੇ ਇਹ ਲਿਖ ਦਿੱਤਾ ਹੈ। ਅੰਬਾਹ ਥਾਣਾ ਪੁਲਸ ਸੂਤਰਾਂ ਨੇ ਦੱਸਿਆ ਕਿ ਪਿੰਡ ਚਤੁਰ ਦੀ ਗੜ੍ਹੀ ਵਾਸੀ ਇਕ ਵਿਆਹੁਤਾ ਦੀ ਲਾਸ਼ ਐਤਵਾਰ ਦੇਰ ਸ਼ਾਮ ਉਸ ਦੇ ਘਰ ਦੇ ਪਿੱਛੇ ਇਕ ਦਰੱਖਤ ਨਾਲ ਲਟਕੀ ਹੋਈ ਮਿਲੀ। ਮ੍ਰਿਤਕਾ ਨਾਲ ਸਤੰਬਰ ਮਹੀਨੇ 'ਚ ਪਿੰਡ ਦੇ ਹੀ ਦਾਮੋਦਰ ਅਤੇ ਕਿਸ਼ਨ ਲਾਲ ਮਾਹੌਰ ਨੇ ਸਮੂਹਕ ਬਲਾਤਕਾਰ ਕੀਤਾ ਸੀ।
ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਮ੍ਰਿਤਕਾ ਦੇ ਪਤੀ 'ਤੇ ਰਾਜੀਨਾਮਾ ਕਰਨ ਲਈ ਦਬਾਅ ਬਣਾ ਰਹੇ ਸਨ ਪਰ ਉਹ ਇਸ ਲਈ ਤਿਆਰ ਨਹੀਂ ਸੀ। ਔਰਤ ਦੇ ਪਤੀ ਨੇ ਇਸ ਦੀ ਵੀ ਪੁਸ਼ਟੀ ਪੁਲਸ ਥਾਣੇ 'ਚ ਕੀਤੀ ਸੀ ਪਰ ਪੁਲਸ ਨੇ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਔਰਤ ਦੇ ਪਤੀ ਨੇ ਦੱਸਿਆ ਕਿ ਐਤਵਾਰ ਨੂੰ ਘਟਨਾ ਦੇ ਸਮੇਂ ਉਹ ਬਾਹਰ ਗਿਆ ਹੋਇਆ ਸੀ। ਪਤਨੀ ਦੀ ਸ਼ੱਕੀ ਮੌਤ ਦੀ ਖਬਰ ਮਿਲਣ 'ਤੇ ਉਸ ਨੇ ਵਾਪਸ ਆ ਕੇ ਪੁਲਸ ਨੂੰ ਇਸ ਬਾਰੇ ਸੂਚਨਾ ਦਿੱਤੀ। ਉਸ ਨੇ ਦੋਸ਼ ਲਗਾਇਆ ਕਿ ਦੋਸ਼ੀਆਂ ਨੇ ਉਸ ਦੀ ਪਤਨੀ ਦਾ ਕਤਲ ਕਰ ਕੇ ਪੁਲਸ ਨੂੰ ਗੁੰਮਰਾਹ ਕਰਨ ਲਈ ਉਸ ਦੇ ਹੱਥ 'ਤੇ ਖੁਦਕੁਸ਼ੀ ਬਾਰੇ ਲਿਖ ਦਿੱਤਾ ਹੈ। ਅੰਬਾਹ ਪੁਲਸ ਅਨੁਸਾਰ ਬਲਾਤਕਾਰ ਦੇ ਦੋਸ਼ੀ ਦਾਮੋਦਰ ਨੂੰ ਸੋਮਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦੋਂ ਕਿ ਦੂਜਾ ਫਰਾਰ ਹੈ।