ਸੁਸ਼ਮਾ ਸਵਰਾਜ ਨੇ ਮਾਲਦੀਵ ਦੇ ਗ੍ਰਹਿ ਮੰਤਰੀ ਨਾਲ ਕੀਤੀ ਬੈਠਕ

03/18/2019 3:37:12 PM

ਮਾਲੇ,(ਭਾਸ਼ਾ)— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੋਮਵਾਰ ਨੂੰ ਮਾਲਦੀਵ ਦੇ ਗ੍ਰਹਿ ਮੰਤਰੀ ਇਮਰਾਨ ਅਬਦੁੱਲਾ ਨਾਲ ਮੁਲਾਕਾਤ ਕੀਤੀ ਅਤੇ ਦੋਹਾਂ ਦੇਸ਼ਾਂ ਵਿਚਕਾਰ ਦੋ-ਪੱਖੀ ਸਬੰਧਾਂ ਨੂੰ ਲਗਾਤਾਰ ਅੱਗੇ ਵਧਾਉਣ ਦੀ ਦਿਸ਼ਾ 'ਚ ਚੁੱਕੇ ਗਏ ਕਦਮਾਂ ਬਾਰੇ ਗੱਲਬਾਤ ਕੀਤੀ ਗਈ। ਆਪਣੀ ਦੋ ਦਿਨਾਂ ਯਾਤਰਾ ਤਹਿਤ ਸੁਸ਼ਮਾ ਸਵਰਾਜ ਐਤਵਾਰ ਨੂੰ ਮਾਲਦੀਵ ਪੁੱਜੀ। ਮਾਲਦੀਵ 'ਚ ਪਿਛਲੇ ਸਾਲ ਨਵੰਬਰ ਮਹੀਨੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਦੀ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਭਾਰਤ ਵਲੋਂ ਇਹ ਪਹਿਲੀ ਪੂਰੀ ਦੋ-ਪੱਖੀ ਯਾਤਰਾ ਹੈ। ਸੁਸ਼ਮਾ ਨੇ ਆਪਣੀ ਯਾਤਰਾ ਦੇ ਪਹਿਲੇ ਦਿਨ ਮਾਲਦੀਵ 'ਚ ਆਪਣੇ ਹਮਰੁਤਬਾ ਅਬਦੁੱਲਾ ਸ਼ਾਹਿਦ ਨਾਲ ਗੱਲਬਾਤ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕਰ ਕੇ ਦੱਸਿਆ, ''ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਮਾਲਦੀਵ ਯਾਤਰਾ ਦੇ ਦੂਜੇ ਦਿਨ ਉਨ੍ਹਾਂ ਦੀ ਮਾਲਦੀਵ ਦੇ ਗ੍ਰਹਿ ਮੰਤਰੀ ਇਮਰਾਨ ਅਬਦੁੱਲਾ ਨਾਲ ਮੁਲਾਕਾਤ ਵਧੀਆ ਰਹੀ। ਦੋਹਾਂ ਦੇਸ਼ਾਂ ਦੇ ਨੇਤਾਵਾਂ ਨੇ ਆਪਣੇ ਦੋ-ਪੱਖੀ ਸਬੰਧਾਂ ਨੂੰ ਲਗਾਤਾਰ ਅੱਗੇ ਵਧਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ 'ਤੇ ਚਰਚਾ ਕੀਤੀ। ਸੁਸ਼ਮਾ ਰਾਸ਼ਟਰਪਤੀ ਸੋਲਿਹ ਨਾਲ ਵੀ ਮੁਲਾਕਾਤ ਕਰੇਗੀ। ਮੈਡਮ ਸੁਸ਼ਮਾ ਨਾਲ ਵਿਦੇਸ਼ ਸਕੱਤਰ ਵਿਜੈ ਗੋਖਲੇ ਅਤੇ ਕਈ ਉੱਚ ਅਧਿਕਾਰੀ ਵੀ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮਾਲਦੀਵ 'ਚ ਨਵੀਂ ਸਰਕਾਰ ਦੇ ਕਾਰਜਭਾਰ ਸੰਭਾਲਣ ਮਗਰੋਂ ਰਾਜਨੀਤਕ ਪੱਧਰ 'ਤੇ ਇਹ ਭਾਰਤ ਵਲੋਂ ਪਹਿਲੀ ਪੂਰੀ ਦੋ-ਪੱਖੀ ਯਾਤਰਾ ਹੋਵੇਗੀ। 

ਪਿਛਲੇ ਸਾਲ 5 ਫਰਵਰੀ ਨੂੰ ਤਤਕਾਲੀਨ ਰਾਸ਼ਟਰਪਤੀ ਅਬਦੁੱਲਾ ਯਾਮੀਨ ਵਲੋਂ ਐਮਰਜੈਂਸੀ ਲਾਗੂ ਕੀਤੇ ਜਾਣ ਮਗਰੋਂ ਭਾਰਤ ਅਤੇ ਮਾਲਦੀਵ ਵਿਚਕਾਰ ਸਬੰਧਾਂ 'ਚ ਤਣਾਅ ਆ ਗਿਆ ਸੀ। ਭਾਰਤ ਨੇ ਯਾਮੀਨ ਦੇ ਫੈਸਲੇ ਦੀ ਆਲੋਚਨਾ ਵੀ ਕੀਤੀ ਸੀ। ਮਾਲਦੀਵ 'ਚ 45 ਦਿਨਾਂ ਤਕ ਐਮਰਜੈਂਸੀ ਰਹੀ ਸੀ ਅਤੇ ਨਵੰਬਰ 'ਚ ਹੋਈਆਂ ਰਾਸ਼ਟਰਪਤੀ ਚੋਣਾਂ 'ਚ ਯਾਮੀਨ ਨੂੰ ਹਰਾ ਕੇ ਸੋਲਿਹ ਮਾਲਦੀਵ ਦੇ ਰਾਸ਼ਟਰਪਤੀ ਬਣੇ ਸਨ।