ਸੁਸ਼ਮਾ ਨੇ ਚੀਨ 'ਚ ਕਿਰਗਿਸਤਾਨ ਤੇ ਉਜਬੇਕਿਸਤਾਨ ਦੇ ਵਿਦੇਸ਼ ਮੰਤਰੀਆਂ ਨਾਲ ਕੀਤੀ ਬੈਠਕ

04/23/2018 2:37:28 PM

ਬੀਜਿੰਗ(ਭਾਸ਼ਾ)— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਇੱਥੇ ਕਿਰਗਿਸਤਾਨ ਅਤੇ ਉਜਬੇਕਿਸਤਾਨ ਦੇ ਆਪਣੇ ਹਮ-ਰੁਤਬਾ ਨਾਲ ਬੈਠਕ ਕੀਤੀ। ਇਸ ਵਿਚ ਵਪਾਰ ਅਤੇ ਨਿਵੇਸ਼ ਸਮੇਤ ਵੱਖ-ਵੱਖ ਮਹੱਤਵਪੂਰਨ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਦੱਸਣਯੋਗ ਹੈ ਕਿ ਸਵਰਾਜ ਇੱਥੇ ਸ਼ੰਘਾਈ ਸੰਗਠਨ (ਐਸ.ਸੀ.ਓ) ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿਚ ਭਾਗ ਲੈਣ ਲਈ 4 ਦਿਨ ਦੀ ਯਾਤਰਾ 'ਤੇ ਆਈ ਹੋਈ ਹੈ।
ਕੱਲ ਉਨ੍ਹਾਂ ਨੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਧੀ ਨਾਲ ਬੈਠਕ ਕੀਤੀ, ਜਿਸ ਵਿਚ ਦੋ-ਪੱਖੀ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਬੈਠਕ ਵਿਚ ਦੋਵਾਂ ਨੇਤਾਵਾਂ ਨੇ ਆਪਸੀ ਰਿਸ਼ਤਿਆਂ ਨੂੰ ਮਜਬੂਤ ਕਰਨ ਲਈ ਸੰਪਰਕ ਵਧਾਉਣ 'ਤੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕਰ ਕੇ ਦੱਸਿਆ ਕਿ ਸਵਰਾਜ ਨੇ ਐਸ.ਸੀ.ਓ ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਵੱਖ ਕਿਰਗਿਸਤਾਨ ਦੇ ਵਿਦੇਸ਼ ਮੰਤਰੀ ਅਰਲਨ ਅੱਬਦੁਲੇਯੇਵ ਨਾਲ ਬੈਠਕ ਵਿਚ ਵਪਾਰ ਅਤੇ ਨਿਵੇਸ਼, ਸੂਚਨਾ ਤਕਨਾਲੋਜੀ, ਰੱਖਿਆ, ਫਿਲਮ, ਮਨੁੱਖ ਸਰੋਤ, ਸੱਭਿਆਚਾਰ ਅਤੇ ਹੋਰ ਖੇਤਰ ਵਿਚ ਸਹਿਯੋਗ 'ਤੇ ਵਿਚਾਰ-ਵਟਾਂਦਰਾ ਕੀਤਾ।

ਇਸ ਤੋਂ ਇਲਾਵਾ ਉਨ੍ਹਾਂ ਨੇ ਉਜਬੇਕਿਸਤਾਨ ਦੇ ਵਿਦੇਸ਼ ਮੰਤਰੀ ਅੱਬਦੁਲਅਜੀਜ ਕੋਮਿਲੋਵ ਨਾਲ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਵਪਾਰ ਅਤੇ ਨਿਵੇਸ਼, ਆਈ.ਟੀ, ਸੈਰ-ਸਪਾਟਾ ਅਤੇ ਸੱਭਿਆਚਾਰ ਅਤੇ ਖੇਤਰੀ ਸਥਿਤੀ 'ਤੇ ਵਿਚਾਰ-ਵਟਾਂਦਰਾ ਕੀਤਾ।