ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀਆਂ ਖ਼ਬਰਾਂ ਤੋਂ ਦੁਖੀ ਮੁੰਡੇ ਨੇ ਕੀਤੀ ਖ਼ੁਦਕੁਸ਼ੀ

08/29/2020 4:32:09 PM

ਚਿਤੌੜਗੜ੍ਹ (ਵਾਰਤਾ)— ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ਦੀਆਂ ਇਨ੍ਹੀਂ ਦਿਨੀਂ ਚੱਲ ਰਹੀਆਂ ਖ਼ਬਰਾਂ ਤੋਂ ਦੁਖੀ ਹੋ ਕੇ ਰਾਜਸਥਾਨ ਦੇ ਚਿਤੌੜਗੜ੍ਹ ਸ਼ਹਿਰ 'ਚ ਇਕ ਮੁੰਡੇ ਵਲੋਂ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਮੁਤਾਬਕ ਸ਼ੁੱਕਰਵਾਰ ਨੂੰ ਸ਼ਹਿਰ ਦੇ ਮੀਨਾਪਾੜਾ ਵਾਸੀ ਤੁਸ਼ਾਰ ਨੇ ਆਪਣੇ ਹੀ ਘਰ ਵਿਚ ਚੁੰਨੀ ਦਾ ਫੰਦਾ ਲਾ ਕੇ ਖ਼ੁਦਕੁਸ਼ੀ ਕਰ ਲਈ, ਜਿਸ ਦੀ ਜਾਂਚ ਲਈ ਅੱਜ ਕੋਤਵਾਲੀ ਥਾਣਾ ਮੁਖੀ ਤੁਲਸੀਰਾਮ ਮੌਕੇ 'ਤੇ ਪਹੁੰਚੇ। ਘਟਨਾ ਦੇ ਸਮੇਂ ਘਰ ਵਿਚ ਮੌਜੂਦ 13 ਸਾਲਾ ਭੈਣ ਨੇ ਪੁਲਸ ਨੂੰ ਦੱਸਿਆ ਕਿ ਘਟਨਾ ਦੇ ਸਮੇਂ ਉਹ ਟੈਲੀਵਿਜ਼ਨ 'ਤੇ ਨਿਊਜ਼ ਚੈਨਲ 'ਤੇ ਚੱਲ ਰਹੀ ਸੁਸ਼ਾਂਤ ਸਿੰਘ ਦੀ ਮੌਤ ਦੇ ਮਾਮਲੇ ਨਾਲ ਸੰਬੰਧਤ ਖ਼ਬਰਾਂ ਵੇਖ ਰਿਹਾ ਸੀ ਅਤੇ ਇਸ ਦੇ ਕੁਝ ਦੇਰ ਬਾਅਦ ਉਹ ਆਪਣੇ ਕਮਰੇ ਵਿਚ ਗਿਆ ਅਤੇ ਖ਼ੁਦ ਨੂੰ ਅੰਦਰੋਂ ਬੰਦ ਕਰ ਲਿਆ।

PunjabKesari
ਭੈਣ ਨੇ ਦੱਸਿਆ ਕਿ ਬਹੁਤ ਦੇਰ ਤੱਕ ਜਦੋਂ ਭਰਾ ਬਾਹਰ ਨਹੀਂ ਆਇਆ ਤਾਂ ਉਸ ਨੇ ਖਿੜਕੀ ਤੋਂ ਦੇਖਿਆ ਤਾਂ ਅੰਦਰ ਫੰਦੇ ਨਾਲ ਲਟਕਦਾ ਹੋਇਆ ਨਜ਼ਰ ਆਇਆ। ਇਹ ਵੇਖ ਕੇ ਉਸ ਨੇ ਰੌਲਾ ਪਾਇਆ ਅਤੇ ਆਲੇ-ਦੁਆਲੇ ਦੇ ਲੋਕਾਂ ਨੇ ਆ ਕੇ ਉਸ ਨੂੰ ਉਤਾਰਿਆ। ਘਟਨਾ ਦੇ ਸਮੇਂ ਮੁੰਡੇ ਦੇ ਪਿਤਾ ਜੋ ਕਿ ਬੈਂਕ 'ਚ ਗਾਰਡ ਹਨ, ਡਿਊਟੀ 'ਤੇ ਗਏ ਹੋਏ ਸਨ, ਜਦਕਿ ਮਾਂ ਕਿਸੀ ਗਊਸ਼ਾਲਾ ਦੇ ਬਾਹਰ ਘਾਹ ਵੇਚਣ ਗਈ ਹੋਈ ਸੀ। ਬਾਅਦ ਵਿਚ ਪਰਿਵਾਰ ਵਾਲਿਆਂ ਨੂੰ ਲਾਸ਼ ਉਨ੍ਹਾਂ ਨੂੰ ਸੌਂਪ ਦਿੱਤੀ ਗਈ।

PunjabKesari
ਦੱਸਣਯੋਗ ਹੈ ਕਿ ਮੰਨੇ-ਪ੍ਰਮੰਨੇ ਅਭਿਨੇਤਾ ਅਤੇ ਬਾਲੀਵੁੱਡ ਇੰਡਸਟਰੀ 'ਚ ਆਪਣੀ ਖ਼ਾਸ ਪਹਿਚਾਣ ਬਣਾਉਣ ਵਾਲੇ ਸੁਸ਼ਾਂਤ ਸਿੰਘ ਰਾਜਪੂਤ ਨੇ ਬੀਤੀ 14 ਜੂਨ 2020 ਨੂੰ ਖ਼ੁਦਕੁਸ਼ੀ ਕਰ ਲਈ ਸੀ। ਮੁੰਬਈ ਵਿਖੇ ਉਨ੍ਹਾਂ ਦੇ ਆਵਾਸ 'ਚ ਸੁਸ਼ਾਂਤ ਦੀ ਲਾਸ਼ ਮਿਲੀ ਸੀ। ਹਾਲਾਂਕਿ ਉਨ੍ਹਾਂ ਦੇ ਚਾਹੁਣ ਵਾਲੇ ਸੁਸ਼ਾਂਤ ਦੀ ਖ਼ੁਦਕੁਸ਼ੀ ਨੂੰ ਬਰਦਾਸ਼ਤ ਨਹੀਂ ਕਰ ਰਹੇ ਹਨ। ਜ਼ਿਆਦਾਤਰ ਪ੍ਰਸ਼ੰਸਕ ਇਹ ਹੀ ਆਖ ਰਹੇ ਹਨ ਕਿ ਉਹ ਖ਼ੁਦਕੁਸ਼ੀ ਨਹੀਂ ਕਰ ਸਕਦੇ, ਉਨ੍ਹਾਂ ਨੂੰ ਮਾਰਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਕਰ ਰਹੀ ਹੈ। ਰੋਜ਼ਾਨਾ ਟੈਲੀਵਿਜ਼ਨ 'ਤੇ ਸੁਸ਼ਾਂਤ ਮਾਮਲੇ ਨੂੰ ਲੈ ਕੇ ਖ਼ਬਰਾਂ ਆਉਂਦੀਆਂ ਹਨ। ਇਸ ਜਾਂਚ ਮਗਰੋਂ ਹੀ ਅਸਲ ਸੱਚ ਤੱਕ ਪਹੁੰਚਿਆ ਜਾ ਸਕਦਾ ਹੈ। ਸੁਸ਼ਾਂਤ ਦੇ ਖ਼ੁਦਕੁਸ਼ੀ ਕੀਤੇ ਜਾਣ ਤੋਂ ਬਾਅਦ ਹੀ ਕਈ ਨੌਜਵਾਨ ਮੌਤ ਨੂੰ ਗਲ਼ ਲਾ ਚੁੱਕੇ ਹਨ।


Tanu

Content Editor

Related News