ਸਰਵੇਖਣ: ਏਸ਼ੀਆ ਵਿਚ ਸਭ ਤੋਂ ਜ਼ਿਆਦਾ ਰਿਸ਼ਵਤਖ਼ੋਰ ਭਾਰਤੀ, ਭ੍ਰਿਸ਼ਟਾਚਾਰ ਦੇ ਅੰਕੜੇ ਕਰਨਗੇ ਸ਼ਰਮਿੰਦਾ

11/26/2020 6:01:22 PM

ਨਵੀਂ ਦਿੱਲੀ — ਸਾਲ ਦਰ ਸਾਲ ਸਰਕਾਰਾਂ ਤਾਂ ਬਦਲ ਰਹੀਆਂ ਹਨ ਪਰ ਭਾਰਤ ਦੇਸ਼ 'ਚ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੀ ਹਕੂਮਤ ਅਜੇ ਤੱਕ ਕਾਇਮ ਹੈ। ਰਿਸ਼ਵਤ ਦੇ ਮਾਮਲੇ ਵਿਚ ਭਾਰਤ ਦੀ ਸਥਿਤੀ ਏਸ਼ੀਆ ਵਿਚ ਸਭ ਤੋਂ ਮਾੜੀ ਹੈ। ਇੱਥੇ ਰਿਸ਼ਵਤ ਦੀ ਦਰ 39% ਹੈ। ਟਰਾਂਸਪੇਰੈਂਸੀ ਇੰਟਰਨੈਸ਼ਨਲ ਦੇ ਇੱਕ ਸਰਵੇਖਣ ਅਨੁਸਾਰ ਸਿਰਫ 47% ਲੋਕ ਮੰਨਦੇ ਹਨ ਕਿ ਪਿਛਲੇ 12 ਮਹੀਨਿਆਂ ਵਿਚ ਭ੍ਰਿਸ਼ਟਾਚਾਰ ਵਿਚ ਵਾਧਾ ਹੋਇਆ ਹੈ। 63 ਪ੍ਰਤੀਸ਼ਤ ਲੋਕਾਂ ਦੀ ਰਾਏ ਹੈ ਕਿ ਸਰਕਾਰ ਭ੍ਰਿਸ਼ਟਾਚਾਰ ਨਾਲ ਨਜਿੱਠਣ ਲਈ ਵਧੀਆ ਕੰਮ ਕਰ ਰਹੀ ਹੈ। ਸਰਵੇਖਣ ਅਨੁਸਾਰ ਭਾਰਤ ਵਿਚ 46% ਲੋਕ ਸਰਕਾਰੀ ਸਹੂਲਤਾਂ ਲਈ ਨਿੱਜੀ ਕਨੈਕਸ਼ਨਾਂ ਦਾ ਸਹਾਰਾ ਲੈਂਦੇ ਹਨ ਜਾਂ ਪੈਸੇ ਦੇ ਕੇ ਕੰਮ ਕਰਵਾਉਂਦੇ ਹਨ। ਜਿਹੜੇ ਲੋਕਾਂ ਕੋਲ ਇਹ ਦੋਵੇਂ ਚੀਜ਼ਾਂ(ਪੈਸਾ ਤੇ ਨਿੱਜੀ ਕਨੈਕਨਸ਼) ਨਹੀਂ ਹੁੰਦੀਆਂ ਉਹ ਕਈ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰਿਸ਼ਵਤ ਦੇਣ ਵਾਲੇ ਕਰੀਬ ਅੱਧਿਆਂ ਲੋਕਾਂ ਕੋਲੋਂ ਇਸ ਦੀ ਮੰਗੀ ਕੀਤੀ ਗਈ ਸੀ। ਇਸ ਦੇ ਨਾਲ ਹੀ 32% ਲੋਕਾਂ ਨੇ ਇਹ ਮੰਨਿਆ ਕਿ ਨਿੱਜੀ ਕਨੈਕਸ਼ਨ ਦੀ ਵਰਤੋਂ ਕਾਰਨ ਹੀ ਉਨ੍ਹਾਂ ਦਾ ਕੰਮ ਹੋ ਸਕਿਆ ਹੈ ਜੇ ਉਹ ਅਜਿਹਾ ਨਹੀਂ ਕਰਦੇ ਤਾਂ  ਕੰਮ ਨਹੀਂ ਹੋਣਾ ਸੀ।

ਭਾਰਤ ਦੇ ਬਾਅਦ ਸਭ ਤੋਂ ਜ਼ਿਆਦਾ ਰਿਸ਼ਵਤਖੋਰੀ ਕੰਬੋਡੀਆ ਵਿਚ ਹੈ ਜਿਥੇ 37% ਲੋਕ ਰਿਸ਼ਵਤ ਲਈ ਪੈਸੇ ਦਿੰਦੇ ਹਨ। ਇੰਡੋਨੇਸ਼ੀਆ 30% ਦੇ ਨਾਲ ਤੀਜੇ ਨੰਬਰ 'ਤੇ ਹੈ। ਮਾਲਦੀਵ ਅਤੇ ਜਾਪਾਨ ਵਿਚ ਰਿਸ਼ਵਤ ਦੀ ਦਰ ਏਸ਼ੀਆ ਵਿਚ ਸਭ ਤੋਂ ਘੱਟ ਹੈ ਜਿੱਥੇ ਸਿਰਫ 2% ਲੋਕ ਅਜਿਹਾ ਕਰਦੇ ਹਨ। ਦੱਖਣੀ ਕੋਰੀਆ ਅਤੇ ਜਾਪਾਨ ਦੀ ਸਥਿਤੀ ਵੀ ਬਿਹਤਰ ਹੈ। ਟਰਾਂਸਪੇਰੈਂਸੀ ਇੰਟਰਨੈਸ਼ਨਲ ਦੇ ਸਰਵੇ ਵਿਚ ਪਾਕਿਸਤਾਨ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਪਤੀ ਦੀ ਤਨਖ਼ਾਹ ਜਾਣ ਸਕੇਗੀ ਪਤਨੀ, ਕਾਨੂੰਨ ਨੇ ਦਿੱਤਾ ਇਹ ਅਧਿਕਾਰ

ਸਰਕਾਰੀ ਭ੍ਰਿਸ਼ਟਾਚਾਰ ਕਾਰਨ ਸਭ ਤੋਂ ਵੱਧ ਚਿੰਤਤ ਹਨ ਲੋਕ

'ਗਲੋਬਲ ਕੁਰੱਪਸ਼ਨ ਬੈਰੋਮੀਟਰ - ਏਸ਼ੀਆ' ਵਜੋਂ ਪ੍ਰਕਾਸ਼ਤ ਆਪਣੀ ਸਰਵੇਖਣ ਰਿਪੋਰਟ ਲਈ ਟਰਾਂਸਪੇਰੈਂਸੀ ਇੰਟਰਨੈਸ਼ਨਲ ਨੇ 17 ਦੇਸ਼ਾਂ ਦੇ 20,000 ਲੋਕਾਂ ਨੂੰ ਸਵਾਲ ਪੁੱਛੇ। ਇਹ ਸਰਵੇ ਜੂਨ ਅਤੇ ਸਤੰਬਰ ਦਰਮਿਆਨ ਕੀਤਾ ਗਿਆ ਸੀ। ਉਨ੍ਹਾਂ ਕੋਲੋਂ ਪਿਛਲੇ 12 ਮਹੀਨਿਆਂ ਵਿਚ ਭ੍ਰਿਸ਼ਟਾਚਾਰ ਦੇ ਤਜ਼ਰਬਿਆਂ ਬਾਰੇ ਜਾਣਕਾਰੀ ਮੰਗੀ ਗਈ। ਸਰਵੇ ਵਿਚ ਛੇ ਕਿਸਮਾਂ ਦੀਆਂ ਸਰਕਾਰੀ ਸੇਵਾਵਾਂ ਸ਼ਾਮਲ ਕੀਤੀਆਂ ਗਈਆਂ ਸਨ। ਰਿਪੋਰਟ ਅਨੁਸਾਰ ਹਰ ਚਾਰ ਵਿੱਚੋਂ ਤਿੰਨ ਵਿਅਕਤੀ ਮੰਨਦੇ ਹਨ ਕਿ ਉਨ੍ਹਾਂ ਦੇ ਦੇਸ਼ ਵਿਚ ਸਰਕਾਰੀ ਭ੍ਰਿਸ਼ਟਾਚਾਰ ਸਭ ਤੋਂ ਵੱਡੀ ਸਮੱਸਿਆ ਹੈ। ਹਰ ਤਿੰਨ ਵਿਚੋਂ ਇਕ ਵਿਅਕਤੀ ਆਪਣੇ ਸੰਸਦ ਮੈਂਬਰਾਂ ਨੂੰ ਸਭ ਤੋਂ ਭ੍ਰਿਸ਼ਟ ਵਿਅਕਤੀ ਵਜੋਂ ਮੰਨਦਾ ਹੈ। ਰਿਪੋਰਟ ਵਿਚ ਮਲੇਸ਼ੀਆ, ਇੰਡੋਨੇਸ਼ੀਆ ਅਤੇ ਥਾਈਲੈਂਡ ਵਿਚ ਯੌਨ(ਜਿਨਸੀ) ਸ਼ੋਸ਼ਣ ਦੇ ਮੁੱਦੇ ਨੂੰ ਵੀ ਪ੍ਰਮੁੱਖਤਾ ਨਾਲ ਉਭਾਰਿਆ ਗਿਆ ਹੈ।

ਇਹ ਵੀ ਪੜ੍ਹੋ : ਹੁਣ ਆਨਲਾਈਨ ਗੇਮਾਂ ਦੇ ਵਿਗਆਪਨਾਂ ਲਈ ਕਰਨੀ ਪਵੇਗੀ ਇਨ੍ਹਾਂ ਸਖ਼ਤ ਨਿਯਮਾਂ ਦੀ ਪਾਲਣਾ

ਭ੍ਰਿਸ਼ਟਾਚਾਰ ਜ਼ਾਹਰ ਹੋਣ ਦਾ ਡਰ

ਭਾਰਤ ਵਿਚ ਜਿਹੜੇ ਲੋਕਾਂ 'ਤੇ ਸਰਵੇਖਣ ਹੋਇਆ ਉਨ੍ਹਾਂ ਵਿਚੋਂ ਪੁਲਿਸ ਦੇ ਸੰਪਰਕ ਵਿਚ ਆਏ 42% ਲੋਕਾਂ ਨੂੰ ਰਿਸ਼ਵਤ ਦੇਣੀ ਪਈ। ਇੱਥੋਂ ਤੱਕ ਕਿ 41% ਲੋਕਾਂ ਨੂੰ ਸ਼ਨਾਖਤੀ ਕਾਰਡ ਵਰਗੇ ਸਰਕਾਰੀ ਦਸਤਾਵੇਜ਼ ਪ੍ਰਾਪਤ ਕਰਨ ਲਈ ਰਿਸ਼ਵਤ ਦੇਣੀ ਪਈ। ਪ੍ਰਾਈਵੇਟ ਕੁਨੈਕਸ਼ਨਾਂ ਦਾ ਇਸਤੇਮਾਲ ਕਰਕੇ ਕੰਮ ਕਢਵਾਉਣ ਵਾਲਿਆਂ ਦੇ ਮਾਮਲੇ ਵਿਚ ਸਭ ਤੋਂ ਜ਼ਿਆਦਾ ਪੁਲਸ(39%), ਆਈ.ਡੀ. ਹਾਸਲ ਕਰਨ ਲਈ(42%) ਅਤੇ ਕੋਰਟ ਕੇਸ (38%) ਨਾਲ ਸੰਬੰਧਿਤ ਸਨ। ਰਿਪੋਰਟ ਵਿਚ ਇਕ ਹੋਰ ਚਿੰਤਾਜਨਕ ਸੱਚ ਸਾਹਮਣੇ ਆਇਆ ਕਿ ਲੋਕ ਭ੍ਰਿਸ਼ਟਾਚਾਰ ਦੀ ਰਿਪੋਰਟ ਕਰਨਾ ਮਹੱਤਵਪੂਰਨ ਮੰਨਦੇ ਹਨ ਪਰ 63% ਇਸਦੇ ਨਤੀਜੇ ਤੋਂ ਡਰਦੇ ਹਨ।

ਇਹ ਵੀ ਪੜ੍ਹੋ : PNB ਸਮੇਤ ਇਨ੍ਹਾਂ ਬੈਂਕਾਂ ’ਚ ਅੱਜ ਰਹੇਗੀ ਹੜਤਾਲ, ਜਾਣੋ ਕੀ ਹੈ ਪੂਰਾ ਮਾਮਲਾ

Harinder Kaur

This news is Content Editor Harinder Kaur