ਮੁੰਬਈ ਹਮਲੇ ਪਿੱਛੋਂ ਮਨਮੋਹਨ ਸਿੰਘ ਨੇ ਸਰਜੀਕਲ ਸਟ੍ਰਾਈਕ ਦੀ ਨਹੀਂ ਦਿੱਤੀ ਸੀ ਆਗਿਆ : ਫਲੀ ਮੇਜਰ

11/28/2017 11:55:34 AM

ਮੁੰਬਈ— ਭਾਰਤੀ ਹਵਾਈ ਫੌਜ ਦੇ ਇਕ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਫਲੀ ਹੋਮੀ ਮੇਜਰ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਇਕ ਟੀ. ਵੀ. ਚੈਨਲ ਨੂੰ ਦਿੱਤੀ ਗਈ ਇੰਟਰਵਿਊ ਦੌਰਾਨ ਫਲੀ ਮੇਜਰ ਨੇ ਕਿਹਾ ਕਿ ਮੁੰਬਈ 'ਤੇ ਜਦੋਂ ਅੱਤਵਾਦੀ ਹਮਲਾ ਹੋਇਆ ਤਾਂ ਘਟਨਾ ਤੋਂ ਦੋ ਦਿਨ ਬਾਅਦ ਜ਼ਮੀਨੀ ਫੌਜ, ਹਵਾਈ ਫੌਜ ਅਤੇ ਸਮੁੰਦਰੀ ਫੌਜ ਦੇ ਮੁਖੀਆਂ ਦੀ ਇਕ ਬੈਠਕ ਹੋਈ ਸੀ। ਇਹ ਬੈਠਕ ਉਦੋਂ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਨਿਵਾਸ ਵਿਖੇ ਹੋਈ।
ਫਲੀ ਮੇਜਰ ਨੇ ਕਿਹਾ ਕਿ ਮੀਟਿੰਗ 'ਚ ਦੁਸ਼ਮਣ ਨੂੰ ਜਵਾਬ ਦੇਣ ਦੀ ਤਿਆਰੀ ਬਾਰੇ ਵਿਚਾਰ-ਵਟਾਂਦਰਾ ਹੋਇਆ। ਸਾਡੇ ਦਿਮਾਗ 'ਚ ਕਈ ਬਦਲ ਸਨ। ਹਮਲਾ ਕਰਨ ਲਈ ਸਭ ਯੋਜਨਾਵਾਂ ਤਿਆਰ ਸਨ ਪਰ ਜਿਸ ਚੀਜ਼ ਦੀ ਉਡੀਕ ਸੀ, ਉਹ ਸਰਕਾਰ ਵਲੋਂ ਮਿਲਣ ਵਾਲੀ ਹਰੀ ਝੰਡੀ ਦੀ ਸੀ। ਹਵਾਈ ਫੌਜ ਨੇ ਜ਼ਮੀਨੀ ਫੌਜ ਨਾਲ ਮਿਲ ਕੇ ਮਕਬੂਜ਼ਾ ਕਸ਼ਮੀਰ 'ਚ ਅੱਤਵਾਦੀ ਕੈਂਪਾਂ 'ਤੇ ਸਰਜੀਕਲ ਸਟ੍ਰਾਈਕ ਕਰਨ ਦੀ ਯੋਜਨਾ ਬਣਾ ਲਈ ਸੀ ਪਰ ਮਨਮੋਹਨ ਸਿੰਘ ਨੇ ਇਸ ਦੀ ਪ੍ਰਵਾਨਗੀ ਨਹੀਂ ਦਿੱਤੀ ਸੀ।