ਸਰਜੀਕਲ ਸਟ੍ਰਾਈਕ ਦੇ ਜਾਂਬਾਜ਼ ਬਹਾਦੁਰੀ ਪੁਰਸਤਾਰਾਂ ਨਾਲ ਸਨਮਾਨਿਤ

01/25/2017 11:31:31 PM

ਨਵੀਂ ਦਿੱਲੀ— ਪਿਛਲੇ ਸਾਲ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ''ਚ ਸਰਜੀਕਲ ਸਟ੍ਰਾਈਕ ਕਰਨ ਵਾਲੀ ਫੌਜ ਦੀ ਸਪੈਸ਼ਲ ਇਕਾਈ 4 ਤੇ 9 ਪੈਰਾ ਦੇ 19 ਫੌਜੀਆਂ ਨੂੰ ਕੀਰਤੀ ਚੱਕਰ ਸਮੇਤ ਬਹਾਦੁਰੀ ਪੁਰਸਤਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ, ਜਦਕਿ ਉਨ੍ਹਾਂ ਦੇ ਕਮਾਂਡਿੰਗ ਅਫਸਰਾਂ ਨੂੰ ਯੁੱਧ ਸੇਵਾ ਤਮਗੇ ਨਾਲ ਸਨਮਾਨਿਤ ਕੀਤਾ ਗਿਆ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ''ਚ ਅੱਤਵਾਦੀਆਂ ਦੇ ਲਾਂਚ ਪੈਡ ''ਤੇ ਹਮਲਾ ਕਰਨ ਵਾਲੀ ਟੀਮ ਦੀ ਅਗਵਾਈ ਕਰਨ ਵਾਲੇ 4 ਪੈਰਾ ਦੇ ਮੇਜਰ ਰੋਹਿਤ ਸੂਰੀ ਨੂੰ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ, ਜੋ ਸ਼ਾਂਤੀ ਕਾਲ ਦੌਰਾਨ ਦੂਜਾ ਸਭ ਤੋਂ ਵੱਡਾ ਬਹਾਦੁਰੀ ਪੁਰਸਤਾਰ ਹੈ।

ਗੋਰਖਾ ਰਾਈਫਲਜ਼ ਦੇ ਹਵਲਦਾਰ ਪ੍ਰੇਮ ਬਾਹਦੁਰ ਰੇਸ਼ਮੀ ਮਾਗਰ ਨੂੰ ਮਰਨ ਉਪਰੰਤ ਕੀਰਤੀ ਚੱਕਰ ਪ੍ਰਦਾਨ ਕੀਤਾ ਗਿਆ ਹੈ। 9 ਪੈਰਾ ਦੇ ਕਮਾਂਡਿੰਗ ਅਧਿਕਾਰੀ ਕਰਨਲ ਕਪਿਲ ਯਾਦਵ ਤੇ 4 ਪੈਰਾ ਦੇ ਕਮਾਂਡਿੰਗ ਅਧਿਕਾਰੀ ਕਰਨਲ ਹਰਪ੍ਰੀਤ ਸੰਧੂ ਨੂੰ ਯੁੱਧ ਸੇਵਾ ਤਮਗਾ ਪ੍ਰਦਾਨ ਕੀਤਾ ਗਿਆ ਹੈ। ਇਹ ਦੋਵਾਂ ਪੈਰਾ ਇਕਾਈਆਂ ਦੇ ਪੰਜ ਫੌਜੀਆਂ ਨੂੰ ਸ਼ੌਰਿਆ ਚੱਕਰ ਪ੍ਰਦਾਨ ਕੀਤਾ ਗਿਆ, ਜਦਕਿ 13 ਨੂੰ ਫੌਜ ਤਮਗਾ ਮਿਲਿਆ। ਜੰਮੂ-ਕਸ਼ਮੀਰ ਦੇ ਉੜੀ ''ਚ ਫੌਜੀ ਕੈਂਪ ''ਤੇ ਅੱਤਵਾਦੀ ਹਮਲੇ ''ਚ 19 ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਫੌਜ ਨੇ ਪਿਛਲੇ ਸਾਲ ਸਤੰਬਰ ''ਚ ਕੰਟਰੋਲ ਰੇਖਾ ਤੋਂ ਪਾਰ ਅੱਤਵਾਦੀਆਂ ਦੇ ਲਾਂਚ ਪੈਡ ''ਤੇ ਸਰਜੀਕਲ ਸਟ੍ਰਾਈਕ ਕੀਤਾ ਸੀ।