ਸੁਪਰੀਮ ਕੋਰਟ ਨੇ ਮੁਥਰਾ ''ਚ ਯਮੁਨਾ ਨਦੀ ਦੇ ਪ੍ਰਦੂਸ਼ਣ ''ਤੇ CPCB ਤੋਂ ਮੰਗੀ ਰਿਪੋਰਟ

10/01/2019 4:38:24 PM

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਮਥੁਰਾ 'ਚ ਯਮੁਨਾ ਨਦੀ 'ਚ ਪ੍ਰਦੂਸ਼ਣ ਦੀ ਸਥਿਤੀ 'ਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਨੂੰ ਆਪਣੀ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ। ਕੋਰਟ ਨੇ ਨਦੀ ਦੀ ਸਫ਼ਾਈ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵੀ ਬੋਰਡ ਤੋਂ ਜਾਣਕਾਰੀ ਮੰਗੀ ਹੈ। ਜੱਜ ਅਰੁਣ ਮਿਸ਼ਰਾ ਅਤੇ ਜੱਜ ਰਵਿੰਦਰ ਭੱਟ ਦੀ ਬੈਂਚ ਨੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਨੂੰ ਇਹ ਰਿਪੋਰਟ 6 ਹਫਤਿਆਂ ਦੇ ਅੰਦਰ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਰਿਪੋਰਟ 'ਚ ਸੁਝਾਅ ਵੀ ਹੋਣਗੇ। ਸੁਪਰੀਮ ਕੋਰਟ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ 4 ਅਪ੍ਰੈਲ 2017 ਦੇ ਨਿਰਦੇਸ਼ ਨੂੰ ਚੁਣੌਤੀ ਦੇਣ ਵਾਲੀ ਉੱਤਰ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ। ਟ੍ਰਿਬਿਊਨਲ ਨੇ ਇਸ ਆਦੇਸ਼ 'ਚ ਮਥੁਰਾ 'ਚ ਪ੍ਰਦੂਸ਼ਣ ਲਈ 5 ਲੱਖ ਰੁਪਏ ਦੇ ਜ਼ੁਰਮਾਨੇ ਦੇ ਰੂਪ 'ਚ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ ਸੀ। ਟ੍ਰਿਬਿਊਨਲ ਨੇ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕੂੜਾ ਸੁੱਟਣ ਵਾਲੀ ਜਗ੍ਹਾ ਅਤੇ ਨਦੀ ਦੇ ਕਿਨਾਰੇ ਚਾਰਦੀਵਾਰੀ ਬਣਾਉਣ ਦਾ ਨਿਰਦੇਸ਼ ਦਿੱਤਾ ਸੀ ਤਾਂ ਕਿ ਯਮੁਨਾ 'ਚ ਕੋਈ ਕੂੜਾ ਨਾ ਜਾ ਸਕੇ।

ਟ੍ਰਿਬਿਊਨਲ ਨੇ ਇੱਥੇ ਹਰਿਤ ਪੱਟੀ ਵਿਕਸਿਤ ਕਰਨ ਦਾ ਵੀ ਨਿਰਦੇਸ਼ ਦਿੱਤਾ ਸੀ। ਬੈਂਚ ਨੇ ਆਪਣੇ ਆਦੇਸ਼ 'ਚ ਕਿਹਾ,''ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਇਕ ਅਧਿਕਾਰੀ ਨੂੰ ਤਾਇਨਾਤ ਕਰੇ, ਜੋ ਮੌਕੇ ਦਾ ਨਿਰੀਖਣ ਕਰ ਕੇ ਰਿਪੋਰਟ ਦੇਵੇ ਕਿ ਕੀ ਚਾਰਦੀਵਾਰੀ ਦਾ ਨਿਰਮਾਣ ਕੀਤਾ ਗਿਆ ਹੈ। ਉਹ ਹਰਿਤ ਪੱਟੀ ਦੇ ਵਿਕਾਸ ਬਾਰੇ ਵੀ ਆਪਣੀ ਰਿਪੋਰਟ ਦੇਣਗੇ ਅਤੇ ਇਹ ਵੀ ਦੱਸਣਗੇ ਕਿ ਨਦੀ ਨੂੰ ਸਾਫ਼ ਕਰਨ ਲਈ ਹੋਰ ਕਿੰਨੇ ਸੁਧਾਰਾਂ ਦੀ ਜ਼ਰੂਰਤ ਹੈ।''

ਟ੍ਰਿਬਿਊਨਲ ਨੇ 2017 'ਚ ਕਿਹਾ ਸੀ ਕਿ ਉਸ ਨੂੰ ਇਹ ਕਹਿਣ 'ਚ ਕੋਈ ਝਿਜਕ ਨਹੀਂ ਹੈ ਕਿ ਉੱਤਰ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਮਥੁਰਾ ਛਾਉਣੀ ਬੋਰਡ ਵਾਤਾਰਣ ਦੀ ਸੁਰੱਖਿਆ ਕਰਨ ਅਤੇ ਕਾਨੂੰਨ ਦੇ ਅਨੁਰੂਪ ਆਪਣੀਆਂ ਜ਼ਿੰਮੇਵਾਰੀਆਂ ਦਾ ਵਹਿਣ ਕਰਨ 'ਚ ਬੁਰੀ ਤਰ੍ਹਾਂ ਅਸਫ਼ਲ ਰਹੇ ਹਨ। ਇਸ ਲਈ ਉਨ੍ਹਾਂ ਨੂੰ ਨੈਸ਼ਨਲ ਗਰੀਨ ਟ੍ਰਿਬਿਊਨਲ ਕਾਨੂੰਨ ਦੀ ਧਾਰਾ 15 ਅਤੇ 17 ਦੇ ਅਧੀਨ ਵਾਤਾਵਰਣ ਮੁਆਵਜ਼ੇ ਦਾ ਭੁਗਤਾਨ ਕਰਨਾ ਹੋਵੇਗਾ।
ਟ੍ਰਿਬਿਊਨਲ ਨੇ ਕਿਹਾ ਸੀ ਕਿ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵਾਤਾਵਰਣ ਮੁਆਵਜ਼ੇ ਦੇ ਰੂਪ 'ਚ 5 ਲੱਖ ਰੁਪਏ ਅਤੇ ਛਾਉਣੀ ਬੋਰਡ ਨੂੰ ਲਗਾਤਾਰ ਹਵਾ, ਪਾਣੀ ਅਤੇ ਜ਼ਮੀਨੀ ਪਾਣੀ ਨੂੰ ਪ੍ਰਦੂਸ਼ਿਤ ਕਰਨ ਦੇ ਸਿਲਸਿਲੇ 'ਚ 10 ਲੱਖ ਰੁਪਏ ਦੇ ਭੁਗਤਾਨ ਦਾ ਆਦੇਸ਼ ਦਿੱਤਾ ਜਾਂਦਾ ਹੈ।

ਸੁਪਰੀਮ ਕੋਰਟ ਨੇ ਬਾਅਦ 'ਚ ਟ੍ਰਿਬਿਊਨਲ ਦੇ ਇਸ ਆਦੇਸ਼ 'ਤੇ ਰੋਕ ਲੱਗਾ ਦਿੱਤੀ ਸੀ। ਟ੍ਰਿਬਿਊਨਲ ਨੇ ਮਥੁਰਾ ਵਾਸੀ ਤਪੇਸ਼ ਭਾਰਦਵਾਜ ਅਤੇ ਹੋਰ ਦੀ ਪਟੀਸ਼ਨ 'ਤੇ ਇਹ ਫੈਸਲਾ ਸੁਣਾਇਆ ਸੀ। ਇਸ ਪਟੀਸ਼ਨ 'ਚ ਦੋਸ਼ ਲਗਾਇਆ ਗਿਆ ਸੀ ਕਿ ਛਾਉਣੀ ਬੋਰਡ ਆਪਣੇ ਇਲਾਕੇ ਤੋਂ ਠੋਸ ਕੂੜਾ ਇਕੱਠਾ ਕਰਨ ਤੋਂ ਬਾਅਦ ਉਸ ਨੂੰ ਯਮੁਨਾ ਨਦੀ ਦੇ ਕਿਨਾਰੇ 'ਤੇ ਸੁੱਟ ਰਿਹਾ ਹੈ।


DIsha

Content Editor

Related News