ਆਪਸੀ ਸਹਿਮਤੀ ਨਾਲ ਸੰਬੰਧ ਬਣਾਉਣਾ ਨਹੀਂ ਮੰਨਿਆ ਜਾਵੇਗਾ ਰੇਪ : ਸੁਪਰੀਮ ਕੋਰਟ

08/22/2019 2:32:06 PM

ਨਵੀਂ ਦਿੱਲੀ—  ਜੇਕਰ ਇਕ ਔਰਤ ਕਿਸੇ ਪੁਰਸ਼ ਨਾਲ ਇਹ ਜਾਣਦੇ ਹੋਏ ਵੀ ਸਰੀਰਕ ਸੰਬੰਧ ਬਣਾਉਣਾ ਜਾਰੀ ਰੱਖਦੀ ਹੈ ਕਿ ਉਨ੍ਹਾਂ ਦੋਹਾਂ ਦਾ ਵਿਆਹ ਨਹੀਂ ਹੋ ਸਕਦਾ ਤਾਂ ਇਸ ਨੂੰ ਰੇਪ ਨਹੀਂ ਮੰਨਿਆ ਜਾਵੇਗਾ। ਔਰਤ ਇਸ ਆਧਾਰਾ 'ਤੇ ਉਸ ਵਿਰੁੱਧ ਵਿਆਹ ਦਾ ਝੂਠਾ ਵਾਅਦਾ ਕਰ ਕੇ ਰੇਪ ਕਰਨ ਦਾ ਦੋਸ਼ ਨਹੀਂ ਲੱਗਾ ਸਕਦੀ ਹੈ। ਇਹ ਗੱਲ ਸੁਪਰੀਮ ਕੋਰਟ ਨੇ ਇਕ ਪਟੀਸ਼ਨ 'ਤੇ ਸੁਣਵਾਈ ਦੌਰਾਨ ਕਹੀ। ਜੱਜ ਡੀ.ਵਾਈ. ਚੰਦਰਚੂੜ ਅਤੇ ਇੰਦਰਾ ਬੈਨਰਜੀ ਦੀ ਬੈਂਚ ਨੇ ਸੇਲਜ਼ ਟੈਕਸ ਦੀ ਸਹਾਇਕ ਕਮਿਸ਼ਨਰ ਵਲੋਂ ਸੀ.ਆਰ.ਪੀ.ਐੱਫ. ਦੇ ਡਿਪਟੀ ਕਮਾਂਡੈਂਟ ਵਿਰੁੱਧ ਦਰਜ ਕਰਵਾਏ ਗਏ ਰੇਪ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ। ਦੋਵੇਂ ਪਿਛਲੇ 6 ਸਾਲਾਂ ਤੋਂ ਰਿਸ਼ਤੇ 'ਚ ਸਨ ਅਤੇ ਕਈ ਵਾਰ ਇਕ-ਦੂਜੇ ਦੇ ਘਰ ਵੀ ਰਹਿ ਚੁਕੇ ਸਨ। ਕੋਰਟ ਨੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਦੋਹਾਂ ਨੇ ਆਪਸੀ ਸਹਿਮਤੀ ਨਾਲ ਸੰਬੰਧ ਬਣਾਏ ਸਨ।

ਸ਼ਿਕਾਇਤਕਰਤਾ ਸੀ.ਆਰ.ਪੀ.ਐੱਫ. ਅਧਿਕਾਰੀ ਨੂੰ 1998 ਤੋਂ ਜਾਣਦੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਵਿਆਹ ਦਾ ਵਾਅਦਾ ਕਰਦੇ ਹੋਏ ਉਨ੍ਹਾਂ ਨੇ ਉਸ ਨਾਲ ਕਥਿਤ ਤੌਰ 'ਤੇ 2008 'ਚ ਸਰੀਰਕ ਸੰਬੰਧ ਬਣਾਏ। ਦੋਹਾਂ ਦਾ ਰਿਸ਼ਤਾ 2016 ਤੱਕ ਜਾਰੀ ਰਿਹਾ ਅਤੇ ਇਸ ਦੌਰਾਨ ਉਹ ਕਈ ਦਿਨਾਂ ਤੱਕ ਇਕ-ਦੂਜੇ ਦੇ ਘਰ ਵੀ ਰਹੇ। 2014 'ਚ ਸੀ.ਆਰ.ਪੀ.ਐੱਫ. ਅਧਿਕਾਰੀ ਨੇ ਔਰਤ ਦੀ ਜਾਤੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਪਰ ਇਸ ਦੇ ਬਾਵਜੂਦ ਵੀ ਦੋਹਾਂ ਦਾ ਰਿਸ਼ਤਾ ਜਾਰੀ ਰਿਹਾ। ਸ਼ਿਕਾਇਤਕਰਤਾ ਨੇ 2016 'ਚ ਉਸ ਸਮੇਂ ਐੱਫ.ਆਈ.ਆਰ. ਦਰਜ ਕਰਵਾਈ, ਜਦੋਂ ਸੀ.ਆਰ.ਪੀ.ਐੱਫ. ਅਧਿਕਾਰੀ ਨੇ ਉਸ ਨੂੰ ਕਿਸੇ ਔਰਤ ਨਾਲ ਆਪਣੀ ਸਗਾਈ ਬਾਰੇ ਦੱਸਿਆ। ਇਸ ਤੋਂ ਬਾਅਦ ਔਰਤ ਨੇ ਅਧਿਕਾਰੀ ਵਿਰੁੱਧ ਸ਼ਿਕਾਇਤ ਦਰਜ ਕਰਵਾ ਦਿੱਤੀ।


DIsha

Content Editor

Related News