ਸੁਪਰੀਮ ਕੋਰਟ ਦੇ ਸਾਬਕਾ ਜੱਜ ਐੱਸ. ਮੋਹਨ ਦਾ ਦਿਹਾਂਤ

12/28/2019 2:40:40 PM

ਨਵੀਂ ਦਿੱਲੀ— ਸੁਪਰੀਮ ਕੋਰਟ ਦੇ ਸਾਬਕਾ ਜੱਜ ਅਤੇ ਕਰਨਾਟਕ ਦੇ ਸਾਬਕਾ ਕਾਰਜਵਾਹਕ ਰਾਜਪਾਲ ਜੱਜ ਸ਼ਨਮੁਗਸੁੰਦਰਮ ਮੋਹਨ ਦਾ ਕੱਲ ਯਾਨੀ ਸ਼ੁੱਕਰਵਾਰ ਦੇਰ ਸ਼ਾਮ ਦਿਹਾਂਤ ਹੋ ਗਿਆ। ਉਹ 89 ਸਾਲ ਦੇ ਸਨ। ਉਨ੍ਹਾਂ ਦੇ ਪਰਿਵਾਰ 'ਚ ਇਕ ਬੇਟਾ ਅਤੇ ਇਕ ਬੇਟੀ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸਨ। ਉਨ੍ਹਾਂ ਨੇ ਚੇਨਈ ਦੇ ਇਕ ਹਸਪਤਾਲ 'ਚ ਆਖਰੀ ਸਾਹ ਲਿਆ। ਫਰਵਰੀ 1930 'ਚ ਤਾਮਿਲਨਾਡੂ ਦੇ ਤਿਰੂਪੁਰ ਜ਼ਿਲੇ ਦੇ ਉਦੁਮਲਪੇਟ 'ਚ ਜਨਮੇ ਜੱਜ ਮੋਹਨ ਨੇ ਮਦਰਾਸ ਯੂਨੀਵਰਸਿਟੀ ਤੋਂ ਵਕਾਲਤ ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਨੂੰ ਲਕਸ਼ਮੀਨਾਰਸਾ ਰੈੱਡੀ ਗੋਲਡ ਮੈਡਲ ਨਾਲ ਵੀ ਸਨਮਾਨਤ ਕੀਤਾ ਗਿਆ। ਜੱਜ ਮੋਹਨ ਨੇ ਅਗਸਤ 1954 'ਚ ਮਦਰਾਸ ਹਾਊ ਕੋਰਟ 'ਚ ਵਕਾਲਤ ਪੇਸ਼ਾ ਸ਼ੁਰੂ ਕੀਤਾ ਸੀ।

ਉਨ੍ਹਾਂ ਨੇ 1956 ਅਤੇ 1966 ਦਰਮਿਆਨ ਮਦਰਾਸ ਯੂਨੀਵਰਸਿਟੀ ਕਾਲਜ 'ਚ ਪਾਰਟ ਟਾਈਮ ਲੈਕਚਰਾਰ ਦੇ ਰੂਪ 'ਚ ਵੀ ਕੰਮ ਕੀਤਾ। ਉਨ੍ਹਾਂ ਨੇ ਫਰਵਰੀ 1974 'ਚ ਮਦਰਾਸ ਹਾਈ ਕੋਰਟ ਦਾ ਐਡੀਸ਼ਨਲ ਜੱਜ ਨਿਯੁਕਤ ਕੀਤਾ ਗਿਆ ਸੀ ਅਤੇ ਇਕ ਅਗਸਤ 1975 ਨੂੰ ਉਸੇ ਹਾਈ ਕੋਰਟ 'ਚ ਸਥਾਈ ਨਿਯੁਕਤੀ ਪ੍ਰਦਾਨ ਕੀਤੀ ਗਈ। ਸਾਲ 1988 'ਚ ਉਨ੍ਹਾਂ ਨੂੰ ਮਦਰਾਸ ਹਾਈ ਕੋਰਟ ਦੇ ਕਾਰਜਵਾਹਕ ਮੁੱਖ ਜੱਜ ਦੇ ਰੂਪ 'ਚ ਨਿਯੁਕਤ ਕੀਤਾ ਗਿਆ ਅਤੇ ਬਾਅਦ 'ਚ ਉਨ੍ਹਾਂ ਨੂੰ ਸਥਾਈ ਨਿਯੁਕਤੀ ਪ੍ਰਦਾਨ ਕੀਤੀ ਗਈ। ਉਨ੍ਹਾਂ ਨੇ 26 ਅਕਤੂਬਰ 1989 ਨੂੰ ਕਰਨਾਟਕ ਹਾਈ ਕੋਰਟ ਦੇ ਮੁੱਖ ਜੱਜ ਦੇ ਰੂਪ 'ਚ ਸਹੁੰ ਚੁਕੀ। 5 ਫਰਵਰੀ 1990 ਤੋਂ 8 ਮਈ 1990 ਦਰਮਿਆਨ ਉਹ ਕਰਨਾਟਕ ਰਾਜ ਦੇ ਕਾਰਜਵਾਹਕ ਰਾਜਪਾਲ ਵੀ ਰਹੇ। ਅਕਤੂਬਰ 1991 'ਚ ਉਨ੍ਹਾਂ ਨੂੰ ਸਰਵਉੱਚ ਅਦਾਲਤ ਦਾ ਜੱਜ ਬਣਾਇਆ ਗਿਆ ਸੀ, ਜਿੱਥੋਂ ਉਹ 10 ਫਰਵਰੀ 1995 ਨੂੰ ਰਿਟਾਇਰ ਹੋਏ।

DIsha

This news is Content Editor DIsha