ਮਹਿਬੂਬਾ ਮੁਫਤੀ ਦੀ ਰਿਹਾਈ ''ਤੇ ਸੁਪਰੀਮ ਕੋਰਟ ''ਚ ਸੁਣਵਾਈ ਅੱਜ

09/29/2020 3:17:03 AM

ਨਵੀਂ ਦਿੱਲੀ - ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀ.ਡੀ.ਪੀ. ਦੀ ਮੁਖੀ ਮਹਿਬੂਬਾ ਮੁਫਤੀ ਦੀ ਰਿਹਾਈ 'ਤੇ ਅੱਜ (ਮੰਗਲਵਾਰ) ਨੂੰ ਸੁਪਰੀਮ ਕੋਰਟ 'ਚ ਸੁਣਵਾਈ ਹੋਵੇਗੀ। ਮਹਿਬੂਬਾ 5 ਅਗਸਤ, 2019 ਤੋਂ ਹਿਰਾਸਤ 'ਚ ਹਨ। ਮਹਿਬੂਬਾ ਮੁਫਤੀ ਦੀ ਹਿਰਾਸਤ ਖ਼ਿਲਾਫ਼ ਉਨ੍ਹਾਂ ਦੀ ਧੀ ਇਲਤੀਜਾ ਮੁਫਤੀ ਨੇ ਸੁਪਰੀਮ ਕੋਰਟ 'ਚ ਹੈਬੀਅਸ ਕਾਰਪਸ ਪਟੀਸ਼ਨ ਦਰਜ ਕੀਤੀ ਹੈ। ਇਲਤੀਜਾ ਨੇ ਪਟੀਸ਼ਨ 'ਚ ਵਿਅਕਤੀ ਸੁਰੱਖਿਆ ਕਾਨੂੰਨ (ਪੀ.ਐੱਸ.ਏ.) ਦੇ ਤਹਿਤ ਮਹਿਬੂਬਾ ਮੁਫਤੀ ਨੂੰ ਹਿਰਾਸਤ 'ਚ ਰੱਖਣ ਨੂੰ ਚੁਣੌਤੀ ਦਿੰਦੇ ਹੋਏ ਉਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਬੀਤੇ ਹਫਤੇ ਇਲਤੀਜਾ ਨੇ ਇਹ ਪਟੀਸ਼ਨ ਦਰਜ ਕੀਤੀ ਸੀ, ਜਿਸ 'ਤੇ ਅੱਜ ਸੁਣਵਾਈ ਹੋਵੇਗੀ।

ਵਕੀਲ ਆਕਰਸ਼ ਕਾਮਰਾ ਵਲੋਂ ਦਰਜ ਕੀਤੀ ਗਈ ਪਟੀਸ਼ਨ 'ਚ ਇਲਤੀਜਾ ਨੇ ਪੀ.ਐੱਸ.ਏ. ਦੇ ਤਹਿਤ ਵਾਰ-ਵਾਰ ਮਹਿਬੂਬਾ ਦੀ ਹਿਰਾਸਤ ਮਿਆਦ ਨੂੰ ਵਧਾਏ ਜਾਣ ਨੂੰ ਚੁਣੌਤੀ ਦਿੱਤੀ ਹੈ। ਇਲਤੀਜਾ ਨੇ ਪਟੀਸ਼ਨ 'ਚ ਕਿਹਾ ਹੈ ਕਿ ਉਨ੍ਹਾਂ ਦੀ ਮਾਂ ਨੂੰ ਹਿਰਾਸਤ 'ਚ ਰੱਖਣਾ ਗੈਰ-ਕਾਨੂਨੀ ਹੈ ਕਿਉਂਕਿ ਉਨ੍ਹਾਂ 'ਤੇ ਕੋਈ ਮੁਕੱਦਮਾ ਨਹੀ ਹੈ ਅਤੇ ਉਨ੍ਹਾਂ ਨੂੰ ਇੱਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਹਿਰਾਸਤ 'ਚ ਰੱਖਿਆ ਗਿਆ ਹੈ। ਇਹ ਜਾਣ-ਬੂੱਝ ਕੇ ਉਨ੍ਹਾਂ ਨੂੰ ਪਾਰਟੀ ਕਰਮਚਾਰੀਆਂ ਤੋਂ ਦੂਰ ਰੱਖਣ ਅਤੇ ਆਪਣੇ ਕੰਮ ਨਾ ਕਰਨ ਦੇਣ ਲਈ ਕੀਤਾ ਜਾ ਰਿਹਾ ਹੈ।

ਮਹਿਬੂਬਾ ਫਿਲਹਾਲ ਆਪਣੇ ਆਧਿਕਾਰਕ ਨਿਵਾਸ ਫੇਅਰਵਿਊ ਬੰਗਲੇ 'ਚ ਨਜ਼ਰਬੰਦ ਹਨ। ਪੀ.ਐੱਸ.ਏ.  ਦੇ ਤਹਿਤ ਉਨ੍ਹਾਂ ਨੂੰ ਨਜ਼ਰਬੰਦ ਰੱਖਿਆ ਗਿਆ ਹੈ। 31 ਜੁਲਾਈ ਨੂੰ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਪੀ.ਐੱਸ.ਏ.  ਦੇ ਤਹਿਤ ਮਹਿਬੂਬਾ ਦੀ ਨਜ਼ਰੰਬਦੀ ਨੂੰ ਤਿੰਨ ਮਹੀਨੇ ਵਧਾਇਆ ਸੀ।

Inder Prajapati

This news is Content Editor Inder Prajapati