ਅਯੁੱਧਿਆ ਫੈਸਲੇ ਤੋਂ ਬਾਅਦ ਚੀਫ ਜਸਟਿਸ ਗੋਗੋਈ ਨੇ 4 ਸਾਥੀ ਜੱਜਾਂ ਨਾਲ ਕੀਤਾ ''ਡਿਨਰ''

11/10/2019 5:09:24 PM

ਨਵੀਂ ਦਿੱਲੀ— ਅਯੁੱਧਿਆ ਸੰਬੰਧੀ ਫੈਸਲਾ ਸੁਣਾਏ ਜਾਣ ਪਿਛੋਂ ਚੀਫ ਜਸਟਿਸ ਰੰਜਨ ਗੋਗੋਈ ਨੇ ਆਪਣੇ 4 ਸਾਥੀ ਜੱਜਾਂ ਨੂੰ ਸ਼ਨੀਵਾਰ ਨੂੰ ਰਾਤ ਡਿਨਰ 'ਤੇ ਸੱਦਿਆ। ਚੀਫ ਜਸਟਿਸ ਰੰਜਨ ਗੋਗੋਈ ਨੇ ਨਵੇਂ ਬਣਨ ਵਾਲੇ ਚੀਫ ਜਸਟਿਸ ਐੱਸ. ਏ. ਬੋਬੜੇ, ਜਸਟਿਸ ਅਬਦੁੱਲ ਨਜ਼ੀਰ, ਜਸਟਿਸ ਡੀ. ਵਾਈ. ਚੰਚਰਚੂੜ ਅਤੇ ਜਸਟਿਸ ਅਸ਼ੋਕ ਭੂਸ਼ਣ ਨੂੰ ਡਿਨਰ 'ਤੇ ਸੱਦਿਆ। ਇਹ ਡਿਨਰ ਹੋਟਲ ਤਾਜ ਮਾਨ ਸਿੰਘ ਵਿਖੇ ਆਯੋਜਿਤ ਕੀਤਾ ਗਿਆ। ਇੱਥੇ ਦੱਸ ਦੇਈਏ ਕਿ ਇਨ੍ਹਾਂ ਜੱਜਾਂ ਨੇ ਰੰਜਨ ਗੋਗੋਈ ਨਾਲ ਅਯੁੱਧਿਆ ਫੈਸਲੇ ਦੀ 40 ਦਿਨ ਲਗਾਤਾਰ ਸੁਣਵਾਈ ਅਤੇ ਫੈਸਲਾ ਲਿਖਣ 'ਚ ਅਹਿਮ ਭੂਮਿਕਾ ਨਿਭਾਈ। ਸਾਰੇ ਜੱਜਾਂ ਦੀ ਸਹਿਮਤੀ ਨਾਲ ਹੀ ਅਯੁੱਧਿਆ ਫੈਸਲਾ ਲਿਆ ਗਿਆ।

ਦੱਸਣਯੋਗ ਹੈ ਕਿ ਸ਼ਨੀਵਾਰ ਭਾਵ 9 ਨਵੰਬਰ 2019 ਦਾ ਦਿਨ ਇਤਿਹਾਸਕ ਹੋ ਨਿਬੜਿਆ, ਸੁਪਰੀਮ ਕੋਰਟ ਨੇ ਰਾਮ ਜਨਮ ਭੂਮੀ-ਬਾਬਰੀ ਮਸਜਿਦ ਜ਼ਮੀਨ ਵਿਵਾਦ ਮਾਮਲੇ 'ਤੇ ਫੈਸਲਾ ਸੁਣਾਇਆ। ਕੋਰਟ ਨੇ ਵਿਵਾਦਿਤ ਜ਼ਮੀਨ ਸ਼੍ਰੀਰਾਮ ਜਨਮ ਭੂਮੀ ਟਰੱਸਟ ਨੂੰ ਸੌਂਪਣ ਅਤੇ ਸੁੰਨੀ ਵਕਫ਼ ਬੋਰਡ ਨੂੰ ਮਸਜਿਦ ਦੇ ਨਿਰਮਾਣ ਲਈ ਅਯੁੱਧਿਆ 'ਚ ਹੀ ਦੂਜੀ ਥਾਂ 'ਤੇ 5 ਏਕੜ ਜ਼ਮੀਨ ਦੇਣ ਦਾ ਫੈਸਲਾ ਸੁਣਾਇਆ। ਕੋਰਟ ਨੇ ਕੇਂਦਰ ਸਰਕਾਰ ਨੂੰ ਬੋਰਡ ਆਫ ਟਰੱਸਟ ਬਣਾਉਣ ਲਈ ਕਿਹਾ।

Tanu

This news is Content Editor Tanu