ਸੁਖਬੀਰ ਬਾਦਲ ਨੇ ਜੀ.ਕੇ. ਨੂੰ ਪ੍ਰਧਾਨਗੀ ਤੋਂ ਹਟਾਇਆ (ਵੀਡੀਓ)

12/14/2018 1:30:27 PM

ਨਵੀਂ ਦਿੱਲੀ— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਿੰਨ ਸੂਬਿਆਂ ਦਿੱਲੀ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਜਥੇਬੰਦਕ ਇਕਾਈਆਂ ਨੂੰ ਵੀਰਵਾਰ ਭੰਗ ਕਰਨ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੂੰ  ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ।
ਪਾਰਟੀ ਦੇ ਸੀਨੀਅਰ ਉਪ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸੁਖਬੀਰ ਨੇ ਸੰਗਠਨ ਦੇ ਪੁਨਰਗਠਨ ਦਾ ਫੈਸਲਾ ਚੜ੍ਹਦੇ ਸਾਲ ਲੋਕ ਸਭਾ ਦੀਆਂ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਲਿਆ ਹੈ। ਤਿੰਨਾਂ ਸੂਬਿਆਂ ਦੇ ਆਬਜ਼ਰਵਰਾਂ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਿਕੰਦਰ ਸਿੰਘ ਮਲੂਕਾ ਦੀ ਸਿਫਾਰਸ਼ ’ਤੇ ਉਕਤ ਇਕਾਈਆਂ ਭੰਗ ਕੀਤੀਆਂ ਗਈਆਂ ਸਨ। ਆਉਂਦੇ ਦੋ ਮਹੀਨਿਆਂ ਦੌਰਾਨ ਸੀਨੀਅਰ ਆਗੂਆਂ ਦੀ ਰਾਇ ਲੈ ਕੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਜਾਏਗਾ।