ਬਾਹਰੀ ਸੂਬਿਆਂ ਤੋਂ ਪਰਤੇ ਵਿਦਿਆਰਥੀ ਨਿਕਲੇ ਕੋਰੋਨਾ ਪਾਜ਼ੇਟਿਵ, ਸਰਕਾਰ ਗੰਭੀਰ: ਜੈਰਾਮ

11/08/2020 5:30:03 PM

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਸੂਬਾ ਸਰਕਾਰ ਵਿਦਿਆਰਥੀਆਂ ਦੀ ਸੁਰੱਖਿਆ ਪ੍ਰਤੀ ਗੰਭੀਰ ਹੈ ਅਤੇ ਇਸ ਸਬੰਧ ਵਿਚ ਪ੍ਰਭਾਵੀ ਕਦਮ ਚੁੱਕੇ ਜਾ ਰਹੇ ਹਨ। ਠਾਕੁਰ ਨੇ ਕਿਹਾ ਕਿ ਮੰਡੀ ਜ਼ਿਲ੍ਹੇ ਵਿਚ ਜੋਗਿੰਦਰ ਨਗਰ ਸਥਿਤ ਤਿੱਬਤੀ ਚਿਲਡਰਨ ਵਿਲੇਜ਼ ਸਕੂਲ ਦੇ ਵਿਦਿਆਰਥੀ-ਵਿਦਿਆਰਥਣਾਂ ਅਤੇ ਸਕੂਲ ਸਟਾਫ਼ ਸਮੇਤ 92 ਲੋਕ ਹੋਰ ਸੂਬਿਆਂ ਦੇ ਵਿਦਿਅਕ ਦੌਰੇ 'ਤੇ ਗਏ ਸਨ। ਵਾਪਸ ਆਉਣ 'ਤੇ ਜਦੋਂ ਉਨ੍ਹਾਂ ਦੀ ਕੋਵਿਡ ਜਾਂਚ ਕੀਤੀ ਗਈ ਤਾਂ ਉਹ ਪਾਜ਼ੇਟਿਵ ਪਾਏ ਗਏ, ਜੋ ਕਿ ਚਿੰਤਾਜਨਕ ਹੈ। ਉਨ੍ਹਾਂ ਨੇ ਕਿਹਾ ਕਿ ਹੋਰ ਸੂਬਿਆਂ ਦੇ ਮੁਕਾਬਲੇ ਹਿਮਾਚਲ ਵਿਚ ਕੋਰੋਨਾ ਦਾ ਖ਼ਤਰਾ ਵਧੇਰੇ ਨਹੀਂ ਹੈ ਪਰ ਸਰਕਾਰ ਵਿਆਪਕ ਪੱਧਰ 'ਤੇ ਇਸ ਮਹਾਮਾਰੀ ਨਾਲ ਨਜਿੱਠਣ ਲਈ ਰੋਜ਼ਾਨਾ 6000 ਕੋਵਿਡ-19 ਨਮੂਨਿਆਂ ਦੀ ਜਾਂਚ ਕਰਵਾ ਰਹੀ ਹੈ।

ਮੁੱਖ ਮੰਤਰੀ ਜੈਰਾਮ ਨੇ ਦੱਸਿਆ ਕਿ ਸਾਰੇ ਵਿਦਿਆਰਥੀ 25 ਤੋਂ 31 ਅਕਤੂਬਰ, 2020 ਦੇ ਮੱਧ ਲੱਦਾਖ, ਅਰੁਣਾਚਲ ਪ੍ਰਦੇਸ਼, ਮਹਾਰਾਸ਼ਟਰ ਅਤੇ ਨੇਪਾਲ ਤੋਂ ਵਾਪਸ ਪਰਤੇ ਸਨ। ਪ੍ਰਦੇਸ਼ ਸਰਕਾਰ ਦੇ ਤੁਰੰਤ ਫ਼ੈਸਲੇ ਦੇ ਚੱਲਦੇ ਇਨ੍ਹਾਂ ਵਿਦਿਆਰਥੀਆਂ 'ਚ ਕੋਰੋਨਾ ਵਾਇਰਸ ਦਾ ਪਤਾ ਚੱਲ ਸਕਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਸਕੂਲ ਕੰਪਲੈਕਸ ਵਿਚ ਉਪਲੱਬਧ ਵਿਵਸਥਾ ਦਾ ਜਾਇਜ਼ਾ ਲੈਣ ਮਗਰੋਂ ਉੱਚਿਤ ਇੰਤਜ਼ਾਮ ਵੇਖਦੇ ਹੋਏ ਉਨ੍ਹਾਂ ਨੂੰ ਆਈਸੋਲੇਟ ਕਰ ਦਿੱਤਾ ਹੈ। ਸਿਹਤ ਮਹਿਕਮੇ ਦੀ ਟੀਮ ਇਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ। ਲੋੜ ਮੁਤਾਬਕ ਉਨ੍ਹਾਂ ਨੂੰ ਉੱਥੋਂ ਕੋਵਿਡ-ਕੇਅਰ ਸੈਂਟਰ ਜਾਂ ਹਸਪਤਾਲ ਵਿਚ ਸ਼ਿਫਟ ਕੀਤਾ ਜਾਵੇਗਾ। ਸਰਕਾਰ ਵਲੋਂ ਸਾਰੇ ਸਾਵਧਾਨੀ ਦੇ ਕਦਮ ਚੁੱਕੇ ਜਾ ਰਹੇ ਹਨ, ਤਾਂ ਇਹ ਯਕੀਨੀ ਕੀਤਾ ਜਾ ਸਕੇ ਕਿ ਸੂਬੇ ਦੇ ਬਾਹਰ ਤੋਂ ਕੋਈ ਵੀ ਪਾਜ਼ੇਟਿਵ ਮਰੀਜ਼ ਪ੍ਰਦੇਸ਼ ਵਿਚ ਨਾ ਰਹੇ ਅਤੇ ਸਥਾਨਕ ਲੋਕਾਂ ਦੀ ਸੁਰੱਖਿਆ ਯਕੀਨੀ ਕੀਤੀ ਜਾ ਸਕੇ।


Tanu

Content Editor

Related News