ਲਾਕਡਾਊਨ : ਕੋਟਾ ਤੋਂ ਦਿੱਲੀ ਪਰਤੇ ਵਿਦਿਆਰਥੀਆਂ ਨੇ ਕਿਹਾ- ਘਰ ਪਹੁੰਚ ਕੇ ਮਿਲਿਆ ਸਕੂਨ

05/03/2020 4:29:23 PM

ਨਵੀਂ ਦਿੱਲੀ— ਲਾਕਡਾਊਨ ਕਾਰਨ ਰਾਜਸਥਾਨ ਦੇ ਕੋਟਾ ਵਿਚ ਫਸੇ ਦਿੱਲੀ ਦੇ ਵਿਦਿਆਰਥੀ-ਵਿਦਿਆਰਥਣਾਂ ਐਤਵਾਰ ਸਵੇਰੇ ਵਾਪਸ ਰਾਜਧਾਨੀ ਪਰਤ ਆਏ। ਦਿੱਲੀ ਟਰਾਂਸਪੋਰਟ ਨਿਗਮ (ਡੀ. ਟੀ. ਸੀ.) ਦੀਆਂ 40 ਬੱਸਾਂ 'ਚ ਸਵਾਰ ਹੋ ਕੇ ਕਰੀਬ 500 ਵਿਦਿਆਰਥੀ-ਵਿਦਿਆਰਥਣਾਂ ਕਸ਼ਮੀਰੀ ਗੇਟ ਅੰਤਰਰਾਜੀ ਬੱਸ ਟਰਮੀਨਸ ਪੁੱਜੇ। ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਡਾਕਟਰੀ ਜਾਂਚ ਤੋਂ ਬਾਅਦ ਉਨ੍ਹਾਂ ਦੇ ਘਰ ਭੇਜਿਆ ਜਾਵੇਗਾ। ਲੰਬੇ ਸਫਰ ਤੋਂ ਥੱਕੇ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਕੋਟਾ ਵਿਚ ਇਕੱਲਾ ਮਹਿਸੂਸ ਕਰ ਰਹੇ ਸਨ ਅਤੇ ਘਰ ਪਰਤ ਕੇ ਰਾਹਤ ਮਹਿਸੂਸ ਕਰ ਰਹੇ ਹਨ। ਕੋਟਾ 'ਚ ਨੀਟ (NEET) ਦੀ ਤਿਆਰੀ ਕਰ ਰਹੇ ਮੋਹਨ ਗਾਰਡਨ ਵਾਸੀ ਅਰੁਣ ਕੁਮਾਰ ਨੇ ਕਿਹਾ ਕਿ ਜਿਸ ਹੋਸਟਲ ਵਿਚ ਮੈਂ ਰਹਿੰਦਾ ਸੀ, ਉਹ ਹੌਲੀ-ਹੌਲੀ ਖਾਲੀ ਹੋ ਗਿਆ ਅਤੇ ਕੁਝ ਹੀ ਵਿਦਿਆਰਥੀ ਉੱਥੇ ਰਹਿ ਗਏ। ਲਾਕਡਾਊਨ ਸਬੰਧੀ ਪਾਬੰਦੀਆਂ ਕਾਰਨ ਹੋਸਟਲ ਦੇ ਇਕ ਕਮਰੇ ਵਿਚ ਕਈ ਦਿਨ ਗੁਜਾਰਣ ਕਾਰਨ ਮੈਂ ਆਪਣੇ ਘਰ ਜਾਣ ਅਤੇ ਆਪਣੇ ਪਰਿਵਾਰ ਨੂੰ ਮਿਲਣ ਲਈ ਤਰਸਦਾ ਰਿਹਾ। ਇਸ ਬੇਚੈਨੀ ਵਿਚਾਲੇ ਪੜ੍ਹਾਈ ਵੱਲ ਧਿਆਨ ਕੇਂਦਰਿਤ ਕਰਨਾ ਮੁਸ਼ਕਲ ਸੀ।

ਅਰੁਣ ਨੇ ਅੱਗੇ ਦੱਸਿਆ ਕਿ ਉਹ ਕਾਫੀ ਰਾਹਤ ਭਰਿਆ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਕੋਟਾ ਤੋਂ ਯਾਤਰਾ ਦੌਰਾਨ ਵਿਦਿਆਰਥੀਆਂ ਨਾਲ ਦਿੱਲੀ ਸਰਕਾਰ ਦੇ ਅਧਿਕਾਰੀਆਂ ਦੀਆਂ ਟੀਮਾਂ ਨੇ ਉਨ੍ਹਾਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ ਅਤੇ ਉਨ੍ਹਾਂ ਦਾ ਸਾਮਾਨ ਵਾਪਸ ਲਿਆਉਣ ਲਈ ਨਾਗਰਿਕ ਰੱਖਿਆ ਸਵੈ-ਸੇਵਕਾਂ ਨੂੰ ਤਾਇਨਾਤ ਕੀਤਾ ਗਿਆ ਸੀ। ਸਾਮਾਨ ਵਿਚ ਪੜ੍ਹਾਈ ਦੀ ਸਮੱਗਰੀ ਅਤੇ ਕਿਤਾਬਾਂ ਸ਼ਾਮਲ ਸਨ। ਕੋਟਾ ਵਿਚ ਮੈਡੀਕਲ ਦੀ ਕੋਚਿੰਗ ਲੈ ਰਹੇ ਜਨਕਪੁਰੀ ਦੇ ਨਾਵੇਦ ਆਲਮ ਨੇ ਦੱਸਿਆ ਕਿ ਦੂਜੇ ਸੂਬਿਆਂ ਦੇ ਲੱਗਭਗ ਸਾਰੇ ਵਿਦਿਆਰਥੀ ਆਪਣੇ ਘਰ ਪਰਤ ਗਏ ਸਨ, ਜਿਸ ਤੋਂ ਬਾਅਦ ਇਕੱਲੇਪਣ ਅਤੇ ਤਣਾਅਗ੍ਰਸਤ ਮਹਿਸੂਸ ਕਰਨ ਲੱਗੇ।

ਇੰਜੀਨੀਅਰਿੰਗ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕਰ ਰਹੀ ਦੱਖਣੀ ਦਿੱਲੀ ਦੀ ਇਕ ਹੋਰ ਵਿਦਿਆਰਥਣ ਨੇ ਕਿਹਾ ਕਿ ਲਾਕਡਾਊਨ ਨੇ ਵਿਦਿਆਰਥੀਆਂ ਦੀ ਪ੍ਰੀਖਿਆ ਦੀਆਂ ਤਿਆਰੀਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਉਸ ਨੇ ਕਿਹਾ ਕਿ ਲਾਕਡਾਊਨ ਕਾਰਨ ਮੇਰੀ ਪੜ੍ਹਾਈ 'ਤੇ ਕਾਫੀ ਬੁਰਾ ਅਸਰ ਪਿਆ ਹੈ, ਕਿਉਂਕਿ ਸਾਨੂੰ ਹੋਸਟਲ ਵਿਚ ਰਹਿਣ ਦੀ ਸਲਾਹ ਦੇਣ ਤੋਂ ਬਾਅਦ ਜਮਾਤਾਂ ਬੰਦ ਹੋ ਗਈਆਂ। ਕਿਤਾਬਾਂ ਲਿਆਈ ਹਾਂ ਅਤੇ ਹੁਣ ਮੈਂ ਫਿਰ ਤੋਂ ਪੜ੍ਹਾਈ 'ਤੇ ਧਿਆਨ ਕੇਂਦਰਿਤ ਕਰ ਸਕਾਂਗੀ ਅਤੇ ਨੁਕਸਾਨ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕਰਾਂਗੀ।

Tanu

This news is Content Editor Tanu