ਹੋਮਵਰਕ ਕਰ ਕੇ ਨਹੀਂ ਆਇਆ ਵਿਦਿਆਰਥੀ, ਕਾਰਨ ਪੁੱਛਿਆ ਤਾਂ ਟੀਚਰ ਨੂੰ ਮਾਰ ਦਿੱਤਾ ਚਾਕੂ

07/09/2019 12:33:16 PM

ਸੋਨੀਪਤ— ਹਰਿਆਣਾ ਦੇ ਸੋਨੀਪਤ 'ਚ ਵਿਦਿਆਰਥੀ ਵਲੋਂ ਅਧਿਆਪਕਾ 'ਤੇ ਚਾਕੂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਗਰਮੀ ਦੀਆਂ ਛੁੱਟੀਆਂ ਦਾ ਹੋਮਵਰਕ ਕਰ ਕੇ ਨਹੀਂ ਲਿਆਇਆ ਸੀ। ਅਧਿਆਪਕਾ ਨੇ ਜਦੋਂ ਹੋਮਵਰਕ ਚੈੱਕ ਕਰਵਾਉਣ ਲਈ ਕਿਹਾ ਤਾਂ ਵਿਦਿਆਰਥੀ ਨੇ ਆਪਣੇ ਬੈਗ 'ਚੋਂ ਚਾਕੂ ਕੱਢ ਕੇ ਹਮਲਾ ਕਰ ਦਿੱਤਾ। ਪੀ.ਜੀ.ਆਈ. ਰੋਹਤਕ 'ਚ ਭਰਤੀ ਅਧਿਆਪਕਾ ਦੀ ਹਾਲਤ ਗੰਭੀਰ ਹੈ। ਪੁਲਸ ਨੇ ਟੀਚਰ ਦੇ ਬਿਆਨ 'ਤੇ ਦੋਸ਼ੀ ਵਿਦਿਆਰਥੀ 'ਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਹੈ। ਵਾਰਦਾਤ ਪਿੰਡ ਭਿਗਾਨ ਦੇ ਸ਼੍ਰੀਰਾਮ-ਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ 'ਚ ਸੋਮਵਾਰ ਨੂੰ ਹੋਈ। ਜਾਣਕਾਰੀ ਅਨੁਸਾਰ ਪਿੰਡ ਕਾਮੀ ਵਾਸੀ ਅਧਿਆਪਕਾ ਸਕੂਲ 'ਚ ਅੰਗਰੇਜ਼ੀ ਵਿਸ਼ਾ ਪੜ੍ਹਾਉਂਦੀ ਹੈ।

ਪੇਟ 'ਚ 2 ਵਾਰ ਮਾਰਿਆ ਚਾਕੂ
ਸੋਮਵਾਰ ਨੂੰ ਉਹ ਸਭ ਤੋਂ ਪਹਿਲਾਂ 11ਵੀਂ ਦੀ ਜਮਾਤ 'ਚ ਗਈ। ਉਸ ਨੇ ਵਿਦਿਆਰਥੀਆਂ ਨੂੰ ਗਰਮੀ ਦੀਆਂ ਛੁੱਟੀਆਂ ਦੇ ਹੋਮਵਰਕ ਦੀ ਕਾਪੀ ਚੈੱਕ ਕਰਵਾਉਣ ਲਈ ਕਿਹਾ। ਨਾਲ ਹੀ ਕਿਹਾ ਕਿ ਜੋ ਹੋਮਵਰਕ ਕਰ ਕੇ ਨਹੀਂ ਲਿਆਏ ਹਨ, ਉਹ ਖੜ੍ਹੇ ਹੋ ਜਾਣ। ਇਸ ਤੋਂ ਬਾਅਦ ਕਈ ਵਿਦਿਆਰਥੀ ਖੜ੍ਹੇ ਹੋ ਗਏ। ਇਸ ਦਰਮਿਆਨ ਇਕ ਵਿਦਿਆਰਥੀ ਕਲਾਸ ਰੂਮ ਤੋਂ ਬਾਹਰ ਜਾਣ ਲੱਗਾ। ਅਧਿਆਪਕਾ ਨੇ ਉਸ ਨੂੰ ਬਾਹਰ ਜਾਣ ਤੋਂ ਰੋਕਿਆ ਤਾਂ ਉਹ ਆਪਣੀ ਜਗ੍ਹਾ 'ਤੇ ਆਇਆ ਅਤੇ ਆਪਣੇ ਬੈਗ 'ਚੋਂ ਚਾਕੂ ਕੱਢ ਕੇ ਅਧਿਆਪਕਾ ਦੇ ਪੇਟ 'ਚ 2 ਵਾਰ ਮਾਰ ਦਿੱਤਾ। ਅਧਿਆਪਕਾ ਬੇਹੋਸ਼ ਹੋ ਕੇ ਡਿੱਗ ਗਈ। ਇਸ ਹਾਦਸੇ ਤੋਂ ਬਾਅਦ ਜਮਾਤ 'ਚ ਭੱਜ-ਦੌੜ ਮਚ ਗਈ। ਰੌਲਾ ਸੁਣ ਕੇ ਹੋਰ ਅਧਿਆਪਕ ਜਮਾਤ ਵੱਲ ਦੌੜੇ ਅਤੇ ਦੌੜ ਰਹੇ ਵਿਦਿਆਰਥੀ ਨੂੰ ਫੜ ਲਿਆ। ਜ਼ਖਮੀ ਹਾਲਤ 'ਚ ਅਧਿਆਪਕਾ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਗੰਭੀਰ ਹਾਲਤ ਕਾਰਨ ਉਸ ਨੂੰ ਮਹਿਲਾ ਮੈਡੀਕਲ ਕਾਲਜ ਹਸਪਤਾਲ ਖਾਨਪੁਰ ਅਤੇ ਫਿਰ ਪੀ.ਜੀ.ਆਈ. ਰੋਹਤਕ ਰੈਫਰ ਕਰ ਦਿੱਤਾ ਗਿਆ।

ਪਿਤਾ ਡੀ.ਟੀ.ਸੀ. 'ਚ ਹਨ ਡਰਾਈਵਰ
ਦੋਸ਼ੀ ਵਿਦਿਆਰਥੀ ਦਾ ਪਿਤਾ ਦਿੱਲੀ 'ਚ ਡੀ.ਟੀ.ਸੀ. 'ਚ ਡਰਾਈਵਰ ਹੈ। ਵਿਦਿਆਰਥੀ ਨੇ ਇਸ ਸਕੂਲ 'ਚ ਇਸੇ ਸੈਸ਼ਨ 'ਚ ਦਾਖਲ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪਹਿਲਾਂ ਵੀ ਹੋਮਵਰਕ ਕਰ ਕੇ ਨਹੀਂ ਲਿਆਉਂਦਾ ਸੀ।

ਹੋਮਵਰਕ ਨਾ ਕਰਨ ਦਾ ਕਾਰਨ ਪੁੱਛਿਆ ਤਾਂ ਮਾਰਿਆ ਚਾਕੂ
ਜ਼ਖਮੀ ਅਧਿਆਪਕਾ ਮੁਕੇਸ਼ ਨੇ ਦੱਸਿਆ ਕਿ ਜਮਾਤ 'ਚ ਜਾਣ ਤੋਂ ਬਾਅਦ ਜਦੋਂ ਮੈਂ ਵਿਦਿਆਰਥੀਆਂ ਨੂੰ ਹੋਮਵਰਕ ਦੀ ਕਾਪੀ ਚੈੱਕ ਕਰਵਾਉਣ ਲਈ ਕਿਹਾ ਤਾਂ ਦੋਸ਼ੀ ਵਿਦਿਆਰਥੀ ਉੱਠ ਕੇ ਬਾਹਰ ਜਾਣ ਲੱਗਾ। ਉਸ ਨੂੰ ਰੋਕ ਕੇ ਹੋਮਵਰਕ ਨਹੀਂ ਕਰਨ ਦਾ ਕਾਰਨ ਪੁੱਛਿਆ। ਇਸ ਤੋਂ ਬਾਅਦ ਉਹ ਆਪਣੇ ਬੈਗ ਕੋਲ ਆਇਆ ਅਤੇ ਚਾਕੂ ਕੱਢ ਕੇ ਹਮਲਾ ਕਰ ਦਿੱਤਾ।

ਚਸ਼ਮਦੀਦ ਵਿਦਿਆਰਥੀ ਨੇ ਦੱਸੀ ਪੂਰੀ ਕਹਾਣੀ
ਇਕ ਚਸ਼ਮਦੀਦ ਵਿਦਿਆਰਥੀ ਨੇ ਦੱਸਿਆ ਕਿ ਮੈਡਮ ਨੇ ਕਲਾਸ ਰੂਮ 'ਚ ਆਉਣ ਤੋਂ ਬਾਅਦ ਸਾਰੇ ਵਿਦਿਆਰਥੀਆਂ ਨੂੰ ਹੋਮਵਰਕ ਦਿਖਾਉਣ ਲਈ ਕਿਹਾ। ਇਸ ਤੋਂ ਬਾਅਦ ਦੋਸ਼ੀ ਵਿਦਿਆਰਥੀ ਜਮਾਤ ਤੋਂ ਬਾਹਰ ਜਾਣ ਲੱਗਾ। ਮੈਡਮ ਨੇ ਉਸ ਨੂੰ ਰੋਕਿਆ ਤਾਂ ਉਹ ਵਾਪਸ ਆ ਗਿਆ। ਉਸ ਨੇ ਬੈਗ 'ਚੋਂ ਚਾਕੂ ਕੱਢਿਆ ਅਤੇ ਮੈਡਮ ਕੋਲ ਜਾ ਕੇ ਉਨ੍ਹਾਂ ਦੇ ਪੇਟ 'ਚ ਮਾਰ ਦਿੱਤਾ। ਇਸ ਤੋਂ ਬਾਅਦ ਕਲਾਸਰੂਮ 'ਚ ਭੱਜ-ਦੌੜ ਮਚ ਗਈ। ਰੌਲਾ ਸੁਣ ਕੇ ਹੋਰ ਅਧਿਆਪਕ ਆ ਗਏ ਅਤੇ ਉਨ੍ਹਾਂ ਨੇ ਦੋਸ਼ੀ ਨੂੰ ਫੜ ਲਿਆ ਅਤੇ ਮੈਡਮ ਨੂੰ ਹਸਪਤਾਲ ਲਿਜਾਇਆ ਗਿਆ।

DIsha

This news is Content Editor DIsha