ਰਾਜਸਥਾਨ 'ਚ ਹਿੰਸਕ ਹੋਈ ਭੀੜ, ਵਾਹਨਾਂ ਨੂੰ ਪਹੁੰਚਾਇਆ ਨੁਕਸਾਨ, ਕੁਝ ਲੋਕ ਜ਼ਖਮੀ

04/02/2018 1:56:48 PM

ਰਾਜਸਥਾਨ— ਸੁਪਰੀਮ  ਕੋਰਟ ਦੇ ਅਨੁਸੂਚਿਤ ਜਾਤੀ ਅਤੇ ਜਨਜਾਤੀ ਐਕਟ ਦੇ ਅਧੀਨ ਤੁਰੰਤ ਗ੍ਰਿਫਤਾਰੀ 'ਤੇ ਰੋਕ ਲਗਾਉਣ ਦੇ ਆਦੇਸ਼ ਦੇ ਵਿਰੋਧ 'ਚ ਵੱਖ-ਵੱਖ ਸੰਗਠਨਾਂ ਵੱਲੋਂ ਆਯੋਜਿਤ ਬੰਦ ਦੌਰਾਨ ਬਾਜ਼ਾਰ ਬੰਦ ਕਰਵਾਉਣ ਨੂੰ ਲੈ ਕੇ ਰਾਜਸਥਾਨ 'ਚ ਜਗ੍ਹਾ-ਜਗ੍ਹਾ ਹਿੰਸਕ ਝੜਪਾਂ, ਆਗਜਨੀ ਅਤੇ ਭੰਨ-ਤੋੜ ਦੀਆਂ ਵਾਰਦਾਤਾਂ ਹੋਈਆਂ। ਅਲਵਰ 'ਚ ਬੰਦ ਦੌਰਾਨ ਫਾਇਰਿੰਗ ਹੋਣ ਨਾਲ ਕੁਝ ਲੋਕਾਂ ਦੇ ਜ਼ਖਮੀ ਹੋਣ ਦੇ ਵੀ ਸਮਾਚਾਰ ਮਿਲੇ ਹਨ। ਬੰਦ ਸਮਰਥਕਾਂ ਦੇ ਹੰਗਾਮੇ ਨੂੰ ਰੋਕਣ ਲਈ ਪੂਰੇ ਪ੍ਰਦੇਸ਼ 'ਚ ਪੁਲਸ ਨੇ ਵਿਆਪਕ ਪ੍ਰਬੰਧ ਕਰ ਰੱਖੇ ਹਨ ਅਤੇ ਪ੍ਰਦੇਸ਼ 'ਚ ਕਾਨੂੰਨ ਅਤੇ ਵਿਵਸਥਾ ਨੂੰ ਬਣਾਏ ਰੱਖਣ ਲਈ ਕੁਝ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਰਾਜਸਥਾਨ ਦੇ ਪੁਲਸ ਜਨਰਲ ਡਾਇਰੈਕਟਰ ਓ.ਪੀ. ਗਲਹੋਤਰਾ ਨੇ ਬੰਦ ਦੌਰਾਨ ਆਮ ਲੋਕਾਂ ਨੂੰ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਬੰਦ ਸਮਰਥਕਾਂ ਨੇ ਜੈਪੁਰ-ਦਿੱਲੀ ਰੇਲ ਮਾਰਗ 'ਤੇ ਰਾਜਧਾਨੀ ਦੇ ਗਾਂਧੀਨਗਰ ਅਤੇ ਅਲਵਰ 'ਚ ਰੇਲਾਂ ਨੂੰ ਰੋਕਿਆ ਗਿਆ ਅਤੇ ਜਗ੍ਹਾ-ਜਗ੍ਹਾ ਭੰਨ-ਤੋੜ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਰਾਜਸਥਾਨ ਰਾਜ ਮਾਰਗ ਟਰਾਂਸਪੋਰਟ ਨਿਗਮ ਨੇ ਸਿੰਧੀ ਕੈਂਪ ਤੋਂ ਬੱਸਾਂ ਦੀ ਆਵਾਜਾਈ ਰੋਕ ਦਿੱਤੀ ਹੈ ਅਤੇ ਜੈਪੁਰ ਮੈਟਰੋ ਰੇਲ ਕਾਰਪੋਰੇਸ਼ਨ ਨੇ ਵੀ ਸਵੇਰੇ 11 ਵਜੇ ਤੋਂ 2 ਘੰਟਿਆਂ ਲਈ ਮੈਟਰੋ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਪ੍ਰਦੇਸ਼ ਦੇ ਸਰਹੱਦੀ ਬਾੜਮੇਰ ਸ਼ਹਿਰ 'ਚ ਬੰਦ ਸਮਰਥਕਾਂ ਵੱਲੋਂ ਦੁਕਾਨਾਂ 'ਚ ਲੁੱਟਖੋਹ ਅਤੇ ਭੰਨ-ਤੋੜ ਕਰਨ ਦੌਰਾਨ ਪੁਲਸ ਨੂੰ ਹੰਝੂ ਗੈਸ ਦੇ ਗੋਲੇ ਵੀ ਛੱਡਣ ਪਏ।

ਰਾਜਧਾਨੀ ਜੈਪੁਰ 'ਚ ਸਵੇਰ ਤੋਂ ਹੀ ਭੀਮ ਸੈਨਾ ਅਤੇ ਹੋਰ ਦਲਾਂ ਦੇ ਵਰਕਰਾਂ ਹੱਥਾਂ 'ਚ ਡੰਡੇ ਲੈ ਕੇ ਜ਼ਬਰਨ ਬਾਜ਼ਾਰ ਬੰਦ ਕਰਵਾਉਂਦੇ ਦੇਖੇ ਗਏ, ਇਸ ਦੌਰਾਨ ਜਗ੍ਹਾ-ਜਗ੍ਹਾ ਬੰਦ ਸਮਰਥਕਾਂ ਅਤੇ ਵਪਾਰੀਆਂ ਦਰਮਿਆਨ ਝੜਪਾਂ ਵੀ ਹੋਈਆਂ। ਰਾਜਧਾਨੀ ਦੇ ਸੰਜੇ ਨਗਰ ਇਲਾਕੇ 'ਚ ਬੰਦ ਸਮਰਥਕਾਂ ਨੇ 2 ਦੁਕਾਨਾਂ 'ਚ ਭੰਨ-ਤੋੜ ਵੀ ਕੀਤੀ। ਬੰਦ ਦਾ ਜ਼ਿਆਦਾਤਰ ਅਸਰ ਜੈਪੁਰ 'ਚ ਆਵਾਜਾਈ 'ਤੇ ਪਈ ਜਿਸ ਕਾਰਨ ਰੇਲ, ਮੈਟਰੋ ਅਤੇ ਯਾਤਰੀ ਬੱਸਾਂ ਦੀ ਆਵਾਜਾਈ ਬੰਦ ਕੀਤੀ ਗਈ। ਬੰਦ ਸਮਰਥਕਾਂ ਨੇ ਗਾਂਧੀਨਗਰ ਰੇਲਵੇ ਸਟੇਸ਼ਨ 'ਤੇ ਰੁਕਾਵਟ ਪਾ ਕੇ ਰਾਜਧਾਨੀ ਅਤੇ ਰਾਣੀਖੇਤ ਐਕਸਪ੍ਰੈਸ ਯਾਤਰੀ ਗੱਡੀਆਂ ਨੂੰ ਰੋਕ ਦਿੱਤਾ ਗਿਆ। ਟਰੈਕ ਨੂੰ ਖਾਲੀ ਕਰਵਾਉਣ ਲਈ ਪੁਲਸ ਨੂੰ ਜ਼ੋਰ ਦੀ ਵਰਤੋਂ ਕਰਨੀ ਪਈ ਅਤੇ ਲਗਭਗ ਇਕ ਘੰਟੇ ਦੇ ਦੇਰੀ ਤੋਂ ਬਾਅਦ ਗੱਡੀਆਂ ਨੂੰ ਮੰਜ਼ਲ ਵੱਲ ਭੇਜਿਆ ਗਿਆ। ਬੰਦ ਸਮਰਥਕਾਂ ਨੇ ਸੰਜੇ ਸਰਕਿਲ ਨਾਲ ਰਾਮਨਿਵਾਸ ਬਾਗ ਤੱਕ ਸ਼ਾਂਤੀ ਮਾਰਚ ਕੱਢਿਆ। ਅਲਵਰ ਤੋਂ ਮਿਲੀ ਜਾਣਕਾਰੀ ਅਨੁਸਾਰ ਉੱਥੇ ਬੰਦ ਸਮਰਥਕਾਂ ਵੱਲੋਂ ਪੁਲਸ ਵਾਹਨਾਂ 'ਚ ਅੱਗ ਲਗਾ ਦਿੱਤੀ ਗਈ ਅਤੇ ਖੇੜਲੀ ਅਤੇ ਅਲਵਰ ਸਬਜ਼ੀ ਮੰਡੀ 'ਚ ਲੁੱਟਖੋਹ ਕੀਤੀ। ਬੰਦ ਨੂੰ ਲੈ ਕੇ ਜਿੱਥੇ ਵਪਾਰੀ ਵਿਰੋਧ ਕਰ ਰਹੇ ਹਨ, ਉੱਥੇ ਹੀ ਐੱਸ.ਸੀ.-ਐੱਸ.ਟੀ. ਐਕਟ ਲੈ ਕੇ ਭਾਰਤ ਬੰਦ ਦਾ ਸਮਰਥਨ ਕਰਨ ਵਾਲੇ ਸੰਗਠਨਾਂ ਦੇ ਲੋਕ ਬਾਜ਼ਾਰ ਨੂੰ ਜ਼ਬਰਨ ਬੰਦ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਈ ਜਗ੍ਹਾ ਟਰੇਨਾਂ ਨੂੰ ਰੋਕ ਕੇ ਪਥਰਾਅ ਕੀਤਾ ਗਿਆ ਹੈ।

 


Related News