ਦੁਨੀਆ ਦੇ 8 ਅਜੂਬਿਆਂ ਦੀ ਸੂਚੀ ਵਿਚ ਸ਼ਾਮਲ ਹੋਇਆ ਸਟੈਚੂ ਆਫ ਯੂਨਿਟੀ

01/14/2020 1:52:00 AM

ਨਵੀਂ ਦਿੱਲ – ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜ਼ੇਸ਼ਨ (ਐੱਸ. ਸੀ.ਓ.) ਨੇ ਸਟੈਚੂ ਆਫ ਯੂਨਿਟੀ ਨੂੰ ਆਪਣੇ 8 ਅਜੂਬਿਆਂ ਦੀ ਸੂਚੀ ਵਿਚ ਸ਼ਾਮਲ ਕਰ ਲਿਆ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਟਵੀਟ ਕਰ ਕੇ ਇਸਦੀ ਜਾਣਕਾਰੀ ਦਿੱਤੀ। ਵਿਦੇਸ਼ ਮੰਤਰੀ ਨੇ ਲਿਖਿਆ,‘‘ਮੈਂਬਰ ਦੇਸ਼ਾਂ ਦਰਮਿਆਨ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਅਸੀਂ ਐੱਸ. ਸੀ. ਓ. ਦੇ ਯਤਨ ਦੀ ਸ਼ਲਾਘਾ ਕਰਦੇ ਹਾਂ। ਇਸ ਦੇ 8 ਅਜੂਬਿਆਂ ਦੀ ਲਿਸਟ ਵਿਚ ਸਟੈਚੂ ਆਫ ਯੂਨਿਟੀ ਸ਼ਾਮਲ ਹੈ। ਇਹ ਯਕੀਨਨ ਤੌਰ ’ਤੇ ਇਕ ਪ੍ਰੇਰਣਾ ਦੇ ਰੂਪ ਵਿਚ ਕੰਮ ਕਰੇਗਾ।’’

ਸਟੈਚੂ ਆਫ ਯੂਨਿਟੀ ਦੇ ਐੱਸ. ਸੀ. ਓ. ਦੇ 8 ਅਜੂਬਿਆਂ ਦੀ ਸੂਚੀ ਵਿਚ ਸ਼ਾਮਲ ਹੋਣ ਦਾ ਮਤਲਬ ਇਹ ਵੀ ਹੈ ਕਿ ਹੁਣ ਐੱਸ. ਸੀ. ਓ. ਖੁਦ ਮੈਂਬਰ ਦੇਸ਼ਾਂ ਵਿਚ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਸਟੈਚੂ ਆਫ ਯੂਨਿਟੀ ਦਾ ਪ੍ਰਚਾਰ ਕਰੇਗਾ। ਤੁਹਾਨੂੰ ਦੱਸ ਦੇਈਏ ਕਿ ਘੁੰਢ ਚੁਕਾਈ ਦੇ ਸਾਲ ਭਰ ਬਾਅਦ ਹੀ ਸਟੈਚੂ ਆਫ ਯੂਨਿਟੀ ਨੂੰ ਰੋਜ਼ਾਨਾ ਦੇਖਣ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਅਮਰੀਕਾ ਦੇ 133 ਸਾਲ ਪੁਰਾਣੇ ਸਟੈਚੂ ਆਫ ਲਿਬਰਟੀ ਦੇ ਸੈਲਾਨੀਆਂ ਨਾਲੋਂ ਵੱਧ ਹੋ ਗਈ ਹੈ। ਗੁਜਰਾਤ ਸਥਿਤ ਇਸ ਯਾਦਗਾਰ ਨੂੰ ਦੇਖਣ ਔਸਤਨ 15 ਹਜ਼ਾਰ ਤੋਂ ਵੱਧ ਸੈਲਾਨੀ ਰੋਜ਼ ਪਹੁੰਚ ਰਹੇ ਹਨ।

ਸਟੈਚੂ ਆਫ ਯੂਨਿਟੀ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦਾ 185 ਮੀਟਰ ਉਚਾ ਬੁੱਤ ਹੈ। ਇਹ ਦੁਨੀਆ ਦਾ ਸਭ ਤੋਂ ਉੱਚਾ ਬੁੱਤ ਹੈ। ਇਹ ਬੁੱਤ ਗੁਜਰਾਤ ਵਿਚ ਕੇਵੜੀਆ ਕਾਲੋਨੀ ਵਿਚ ਨਰਬਦਾ ਨਦੀ ’ਤੇ ਸਰਦਾਰ ਸਰੋਵਰ ਬੰਨ੍ਹ ਦੇ ਨੇੜੇ ਸਥਿਤ ਹੈ।

Inder Prajapati

This news is Content Editor Inder Prajapati