ਅਮਰਾਵਤੀ 'ਚ ਭੁੱਖਮਰੀ ਕਾਰਨ 4 ਮਹੀਨਿਆਂ 'ਚ 46 ਬੱਚੇ ਮਰੇ

08/05/2018 2:08:00 PM

ਮਹਾਰਾਸ਼ਟਰ— ਮਹਾਰਾਸ਼ਟਰ 'ਚ ਇਕ ਜ਼ਿਲਾ ਅਜਿਹਾ ਵੀ ਹੈ, ਜਿੱਥੇ 4 ਮਹੀਨਿਆਂ ਦੇ ਅੰਦਰ 46 ਬੱਚੇ ਭੁੱਖਮਰੀ ਦਾ ਸ਼ਿਕਾਰ ਹੋ ਗਏ ਮਤਲਬ ਉਨ੍ਹÎਾਂ ਬੱਚਿਆਂ ਨੂੰ ਭੋਜਨ ਨਹੀਂ ਮਿਲਿਆ ਅਤੇ ਜੋ ਮਿਲਿਆ ਉਸ ਨਾਲ ਉਨ੍ਹਾਂ ਨੂੰ ਇੰਨੀ ਤਾਕਤ ਨਹੀਂ ਮਿਲੀ ਕਿ ਉਹ ਰੋਗਾਂ ਨਾਲ ਲੜ ਸਕਣ। ਭੁੱਖਮਰੀ ਦੇ ਮਾਮਲੇ 'ਚ ਅਮਰਾਵਤੀ ਦੇ ਮੇਲਘਾਟ ਦੀ ਹਾਲਤ ਖਰਾਬ ਹੈ, ਇੱਥੇ ਛੋਟੇ ਬੱਚਿਆਂ ਦੀ ਮੌਤ ਦੀ ਦਰ ਸਭ ਤੋਂ ਜ਼ਿਆਦਾ ਹੈ। ਅਪ੍ਰੈਲ ਤੋਂ ਜੁਲਾਈ ਦੌਰਾਨ ਮੇਲਘਾਟ 'ਚ ਭੁੱਖਮਰੀ ਕਾਰਨ ਮਰਨ ਵਾਲੇ ਬੱਚਿਆਂ ਦੀ ਗਿਣਤੀ 46 ਹੋ ਗਈ ਹੈ। ਅਮਰਾਵਤੀ ਦੇ ਕਈ ਪਿੰਡਾਂ 'ਚ ਬੱਚੇ ਜਨਮ ਤੋਂ ਹੀ ਭੁੱਖਮਰੀ ਦਾ ਸ਼ਿਕਾਰ ਹੁੰਦੇ ਹਨ। 6 ਸਾਲ ਤੱਕ ਹੁੰਦਿਆਂ ਉਨ੍ਹਾਂ 'ਚੋਂ ਜ਼ਿਆਦਾ ਦੀ ਮੌਤ ਹੋ ਜਾਂਦੀ ਹੈ। ਦੱਸ ਦੇਈਏ ਕਿ ਮੇਲਘਾਟ 'ਚ ਆਦੀਵਾਸੀ ਆਬਾਦੀ ਹੈ।
ਜਾਣਕਾਰੀ ਮੁਤਾਬਕ ਭੁੱਖਮਰੀ ਦੇ ਮਾਮਲੇ 'ਚ ਮਹਾਰਾਸ਼ਟਰ 'ਚ 90 ਦੇ ਦਹਾਕੇ 'ਚ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। 1992-97 ਵਿਚਕਾਰ ਇੱਥੇ 5000 ਬੱਚੇ ਭੁੱਖਮਰੀ ਕਾਰਨ ਮਰ ਗਏ। ਸੂਬਾ ਸਰਕਾਰ ਅਤੇ ਕੋਰਟ ਨੇ ਇਸ ਮਾਮਲੇ 'ਤੇ ਰਿਪੋਰਟ ਮੰਗੀ। ਕੁਝ ਅੰਤਰਰਾਸ਼ਟਰੀ ਸੰਗਠਨਾਂ ਨੇ ਭੁੱਖਮਰੀ ਨਾਲ ਲੜਨ ਲਈ ਮਦਦ ਵੀ ਕੀਤੀ ਪਰ ਹੁਣ ਵੀ ਭੁੱਖਮਰੀ ਕਾਰਨ ਬੱਚਿਆਂ ਦੀਆਂ ਮੌਤਾਂ ਦਾ ਸਿਲਸਿਲਾ ਨਹੀਂ ਰੁਕ ਰਿਹਾ।
ਦੱਸਿਆ ਜਾ ਰਿਹਾ ਹੈ ਕਿ ਮਹਾਤਮਾ ਗਾਂਧੀ ਆਦਿਵਾਸੀ ਹਸਪਤਾਲ ਦੇ ਪ੍ਰੈਜ਼ੀਡੈਂਟ ਡਾ. ਆਸ਼ੀਸ਼ ਸਤਵ ਨੇ ਕਿਹਾ ਕਿ ਭੁੱਖਮਰੀ ਕਾਰਨ ਬੱਚਿਆਂ ਨੂੰ ਬਚਾਉਣ ਲਈ ਨਵੀਂ ਟ੍ਰਾਈਬਲ ਹੈਲਥ ਪਾਲਿਸੀ ਦੀ ਜ਼ਰੂਰਤ ਹੈ। ਇਸ ਲਈ ਪੁਰਾਣੀ ਟ੍ਰਾਈਬਲ ਪਾਲਿਸੀ 'ਚ ਬਦਲਾਅ ਲਈ ਕਈ ਜਨਹਿਤ ਪਟੀਸ਼ਨਾਂ ਵੀ ਦਾਇਰ ਕੀਤੀਆਂ ਗਈਆਂ ਹਨ। ਫਿਲਹਾਲ ਸੂਬਾ ਸਰਕਾਰ ਨੇ ਇਸ 'ਤੇ ਕੋਈ ਫੈਸਲਾ ਨਹੀਂ ਲਿਆ ਹੈ। ਖੋਜ ਨਾਂ ਦੀ ਇਕ ਗੈਰ-ਸਰਕਾਰੀ ਸੰਸਥਾ ਦਾ ਵੀ ਮੰਨਣਾ ਹੈ ਕਿ ਸੂਬਾ ਸਰਕਾਰ ਮੇਲਘਾਟ 'ਚ ਸਿਹਤ ਸੁਵਿਧਾਵਾਂ ਨੂੰ ਲੈ ਕੇ ਉਦਾਸੀਨ ਹੈ, ਜਦਕਿ ਮੀਡਆ 'ਚ ਆਉਣ ਲਈ ਤਾਂ ਕਈ ਨੇਤਾਵਾਂ ਅਤੇ ਟਾਪ-ਬਿਊਰੋਕ੍ਰੇਟਸ ਨੇ ਮੇਲਘਾਟ ਦਾ ਦੌਰਾ ਕੀਤਾ ਪਰ ਇੱਥੇ ਭੁੱਖਮਰੀ ਦਾ ਕੋਈ ਇਲਾਜ ਨਹੀਂ ਕੱਢਿਆ ਗਿਆ।