ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਮਿਲੇਗੀ ਵੱਡੀ ਸਹੂਲਤ

03/09/2019 5:37:19 PM

ਨਵੀਂ ਦਿੱਲੀ— ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ ਹੈ। ਭਾਰਤ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ 'ਸਟੇਟ-ਆਫ-ਦਿ-ਆਰਟ' ਪੈਸੇਂਜਰ ਟਰਮੀਨਲ ਬਿਲਡਿੰਗ (ਪੀ. ਟੀ. ਬੀ.) ਦਾ ਨਿਰਮਾਣ ਕੀਤਾ ਕਰੇਗਾ। ਗ੍ਰਹਿ ਮੰਤਰਾਲੇ ਨੇ ਸ਼ਰਧਾਲੂਆਂ ਲਈ ਅਤਿਆਧੁਨਿਕ ਸਹੂਲਤਾਂ ਨਾਲ ਲੈੱਸ ਪੈਸੇਂਜਰ ਟਰਮੀਨਲ ਭਵਨ ਦੇ ਨਿਰਮਾਣ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਟਰਮੀਨਲ ਲਈ 190 ਕਰੋੜ ਰੁਪਏ ਖਰਚੇ ਜਾਣਗੇ। ਭਾਰਤ ਸਰਕਾਰ ਵਲੋਂ ਇਸ ਦੇ ਮਾਡਲ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ।


ਪੀ. ਟੀ. ਬੀ. 'ਚ ਸ਼ਰਧਾਲੂਆਂ ਦੀ ਸਹੂਲਤ ਲਈ ਸਾਰੀਆਂ ਲੋੜੀਂਦੀਆਂ ਸਹੂਲਤਾਂ ਹੋਣਗੀਆਂ, ਜੋ ਕਿ ਪਾਕਿਸਤਾਨ ਵੱਲ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਕਰਨਗੇ। ਪੈਸੇਂਜਰ ਟਰਮੀਨਲ ਬਿਲਡਿੰਗ ਕੰਪਲੈਕਸ ਨੂੰ 21,650 ਵਰਗ ਮੀਟਰ 'ਚ ਵਿਕਸਿਤ ਕੀਤਾ ਜਾਵੇਗਾ ਅਤੇ ਇਸ ਨੂੰ ਪੂਰੀ ਤਰ੍ਹਾਂ ਨਾਲ ਏਅਰ ਕੰਡੀਸ਼ਨਡ ਬਣਾਉਣ ਦਾ ਪ੍ਰਸਤਾਵ ਹੈ।

ਖਾਸ ਗੱਲ ਇਹ ਹੈ ਕਿ ਇਸ ਬਿਲਡਿੰਗ ਨੂੰ 'ਖੰਡੇ' ਦੇ ਨਿਸ਼ਾਨ ਦਾ ਰੂਪ ਦਿੱਤਾ ਗਿਆ ਹੈ, ਜੋ ਕਿ ਮਨੁੱਖਤਾ ਅਤੇ ਆਪਸੀ ਏਕਤਾ ਨੂੰ ਦਰਸਾਉਂਦਾ ਹੈ। ਬਸ ਇੰਨਾ ਹੀ ਨਹੀਂ ਇਮਾਰਤ ਅੰਦਰ ਭਾਰਤ ਦੇ ਅਮੀਰ ਵਿਰਸੇ ਨੂੰ ਦਰਸਾਉਂਦੀਆਂ ਕੁਝ ਤਸਵੀਰਾਂ ਵੀ ਲਾਈਆਂ ਜਾਣਗੀਆਂ। 



ਦੱਸਣਯੋਗ ਹੈ ਕਿ ਨਵੰਬਰ 2018 ਨੂੰ ਸ੍ਰੀ ਕਰਤਾਰਪੁਰ ਸਾਹਿਬ ਲਈ ਬਣਨ ਵਾਲੇ ਲਾਂਘੇ ਨੂੰ ਖੋਲ੍ਹਣ ਲਈ ਕੇਂਦਰ ਸਰਕਾਰ ਨੇ ਮਨਜ਼ੂਰੀ ਦਿੱਤੀ ਸੀ। ਜਿਸ ਮਗਰੋਂ ਭਾਰਤ ਅਤੇ ਪਾਕਿਸਤਾਨ ਦੋਹਾਂ ਪਾਸਿਓਂ ਨੀਂਹ ਪੱਥਰ ਰੱਖੇ ਗਏ ਸਨ।

ਗੁਰਦਾਸਪੁਰ ਜ਼ਿਲੇ ਦੇ ਡੇਰਾ ਬਾਬਾ ਨਾਨਕ ਨਾਲ ਲੱਗਦੀ ਕੌਮਾਂਤਰੀ ਸਰਹੱਦ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਇਹ ਲਾਂਘਾ ਖੋਲ੍ਹਿਆ ਜਾਵੇਗਾ, ਜੋ ਸਿੱਖ ਇਤਿਹਾਸ ਲਈ ਬਹੁਤ ਵੱਡਾ ਫੈਸਲਾ ਹੈ।

Tanu

This news is Content Editor Tanu