ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ; 3 ਭਰਾਵਾਂ ਦਾ ਘਰੇਲੂ ਕਲੇਸ਼ ਬਣੀ ਵਜ੍ਹਾ

08/22/2020 12:38:09 PM

ਰਾਣੀਆਂ— ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਆਏ ਦਿਨ ਅਜਿਹੀਆਂ ਦੁਖਦਾਈ ਖ਼ਬਰਾਂ ਸਾਹਮਣੇ ਆਉਂਦੀਆਂ ਹਨ, ਜਿਸ ਕਾਰਨ ਹਰ ਸਿੱਖ ਦਾ ਦਿਲ ਵਲੂੰਧਰਿਆ ਜਾਂਦਾ ਹੈ। ਤਾਜ਼ਾ ਮਾਮਲਾ ਹਰਿਆਣਾ ਦੇ ਰਾਣੀਆਂ ਹਲਕੇ 'ਚ ਪੈਂਦੇ ਪਿੰਡ ਸੰਤਨਗਰ ਦੇ ਢਾਣੀ ਚੈਲੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਦਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਘਰੇਲੂ ਕਲੇਸ਼ ਕਾਰਨ ਪਰਿਵਾਰਕ ਮੈਂਬਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਅਤੇ ਪਾਵਨ ਸਰੂਪ ਦੇ ਅੰਗ ਖਿਲਾਰ ਦਿੱਤੇ। ਸੂਚਨਾ ਮਿਲ 'ਤੇ ਰਾਣੀਆਂ ਹਲਕੇ ਦੀ ਪੁਲਸ ਸਮੇਤ ਡੀ. ਐੱਸ. ਪੀ. ਨੇ ਮੌਕੇ ਦਾ ਜਾਇਜ਼ਾ ਲਿਆ। 

ਜਾਣਕਾਰੀ ਮੁਤਾਬਕ ਕੁਲਵੰਤ ਪੁੱਤਰ ਹਰਦੀਪ ਸਿੰਘ ਵਾਸੀ ਸੰਤਨਗਰ 'ਚ ਇਕ ਕਨਾਲ ਜ਼ਮੀਨ ਗੁਰਦੁਆਰਾ ਸਾਹਿਬ ਬਣਾਉਣ ਲਈ ਦਾਨ ਕਰਨ ਦਾ ਮਨ ਬਣਾਇਆ। ਉਸ ਨੇ ਆਪਣੀ ਮਰਜ਼ੀ ਨਾਲ ਹੀ ਬੀਤੇ ਦਿਨੀਂ ਸ੍ਰੀ ਨਿਸ਼ਾਨ ਸਾਹਿਬ ਉਸ ਇਕ ਕਨਾਲ ਜ਼ਮੀਨ 'ਤੇ ਲੱਗਾ ਦਿੱਤਾ। ਜਿਸ ਕਾਰਨ ਉਸ ਦੇ 2 ਹੋਰ ਭਰਾਵਾਂ ਨੇ ਵਿਰੋਧ ਕੀਤਾ ਕਿ ਉਹ ਇਕ ਕਨਾਲ ਜ਼ਮੀਨ ਗੁਰਦੁਆਰਾ ਸਾਹਿਬ ਬਣਾਉਣ ਲਈ ਨਹੀਂ ਦੇਣਗੇ। 

ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਜਦੋਂ ਕੁਲਵੰਤ ਸਿੰਘ ਘਰ 'ਚ ਨਹੀਂ ਸੀ ਤਾਂ ਉਸ ਦੇ ਦੋਵੇਂ ਭਰਾਵਾਂ ਜਸਬੀਰ ਸਿੰਘ ਤੇ ਜਸਵੰਤ ਸਿੰਘ ਅਤੇ ਭਰਜਾਈ ਸਿਮਰਜੀਤ ਕੌਰ ਨੇ ਕਮਰੇ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਅਤੇ ਅੰਗ ਖਿਲਾਰ ਦਿੱਤੇ। ਜਿਵੇਂ ਹੀ ਇਸ ਦੁਖਦਾਈ ਘਟਨਾ ਦਾ ਪਤਾ ਕੁਲਵੰਤ ਸਿੰਘ ਨੂੰ ਲੱਗਾ ਤਾਂ ਉਸ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਤਲਵੰਡੀ ਸਾਬੋ ਦਮਦਮਾ ਸਾਹਿਬ ਪੰਜਾਬ ਅਤੇ ਪੁਲਸ ਨੂੰ ਸੂਚਨਾ ਦਿੱਤੀ। ਜਿਸ ਮਗਰੋਂ ਰਾਣੀਆਂ ਹਲਕੇ ਦੀ ਪੁਲਸ ਮੌਕੇ 'ਤੇ ਪੁੱਜੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖਿਲਾਰੇ ਹੋਏ ਅੰਗ ਇਕੱਠੇ ਕੀਤੇ। ਪੁਲਸ ਨੇ ਘਟਨਾ ਦਾ ਜਾਇਜ਼ਾ ਲੈਂਦੇ ਹੋਏ ਜਨਾਨੀ ਸਮੇਤ 4 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।

Tanu

This news is Content Editor Tanu