ਮੁੰਬਈ ਤੋਂ ਨਿਕਲੀ ਮਜ਼ਦੂਰ ਸਪੈਸ਼ਲ ਟਰੇਨ ਨੂੰ ਜਾਣਾ ਸੀ ਗੋਰਖਪੁਰ, ਪਹੁੰਚ ਗਈ ਰਾਊਰਕੇਲਾ

05/23/2020 7:30:04 PM

ਨਵੀਂ ਦਿੱਲੀ : ਪੁਰਾਣੀ ਫਿਲਮ 'ਚਲਤੀ ਕਾ ਨਾਮ ਗਾਡੀ' ਇਕ ਬਹੁਤ ਹੀ ਮਨੋਰੰਜਕ ਗੀਤ ਹੈ ਜੋ ਇਸ ਲਾਕਡਾਊਨ 'ਚ ਇਕ ਘਟਨਾ ਤੋਂ ਯਾਦ ਆ ਗਿਆ- 'ਜਾਣਾ ਸੀ ਜਾਪਾਨ ਪਹੁੰਚ ਗਏ ਚੀਨ...।' ਦਰਅਸਲ ਮੁੰਬਈ ਤੋਂ ਗੋਰਖਪੁਰ ਲਈ ਰਵਾਨਾ ਹੋਈ ਇੱਕ ਮਜ਼ਦੂਰ ਸਪੈਸ਼ਲ ਟਰੇਨ ਦੇ ਨਾਲ ਵੀ ਅਜਿਹੀ ਹੀ ਹੋਇਆ। ਟਰੇਨ ਨੂੰ ਪਹੁੰਚਣਾ ਤਾਂ ਸੀ ਗੋਰਖਪੁਰ ਪਰ ਉਹ ਪਹੁੰਚ ਗਈ ਓਡੀਸ਼ਾ ਦੇ ਰਾਊਰਕੇਲਾ। ਵਸਈ ਰੋਡ-ਗੋਰਖਪੁਰ ਮਜ਼ਦੂਰ ਸਪੈਸ਼ਲ ਟਰੇਨ 21 ਮਈ ਨੂੰ ਰਵਾਨਾ ਹੋਈ ਸੀ।

ਵਸਈ (ਮੁੰਬਈ) ਤੋਂ ਰਵਾਨਾ ਹੋਈ ਇਸ ਟਰੇਨ ਨੂੰ ਸਭ ਤੋਂ ਛੋਟੇ ਰੂਟ ਤੋਂ ਹੋ ਕੇ ਜਾਣਾ ਸੀ ਪਰ ਰੇਲਵੇ ਨੇ ਇਸ ਦਾ ਰੂਟ ਅਜਿਹਾ ਬਦਲਿਆ ਕਿ ਉਹ ਇੰਨਾ ਲੰਬਾ ਹੋ ਗਿਆ ਕਿ ਇਹ ਟਰੇਨ 5-6 ਸੂਬਿਆਂ ਦਾ ਚੱਕਰ ਕੱਟ ਕੇ ਹੁਣ ਰਾਊਰਕੇਲਾ ਪਹੁੰਚੀ। ਇਸ ਨਾਲ ਟਰੇਨ 'ਚ ਸਫਰ ਕਰ ਰਹੇ ਮੁਸਾਫਰਾਂ ਲਈ ਘਰ ਪੁੱਜਣ ਦਾ ਇੰਤਜਾਰ ਲੰਮਾ ਹੋ ਗਿਆ। ਰੌਲਾ ਪੈਣ 'ਤੇ ਰੇਲਵੇ ਨੇ ਸਫਾਈ ਦਿੱਤੀ ਕਿ ਭਾਰੀ ਟ੍ਰੈਫਿਕ ਕਾਰਨ ਰੂਟ 'ਚ ਬਦਲਾਅ ਕੀਤਾ ਗਿਆ ਸੀ।

ਟਰੇਨ ਦਾ ਮੌਜੂਦਾ ਰੂਟ ਵਾਇਆ ਕਲਿਆਣ, ਭੁਸਾਵਲ, ਖੰਡਵਾ, ਇਟਾਰਸੀ, ਜਬਲਪੁਰ, ਨੈਨੀ, ਦੀਨਦਿਆਲ ਉਪਾਧਿਆਏ ਜੰਕਸ਼ਨ ਹੁੰਦੇ ਹੋਏ ਗੋਰਖਪੁਰ ਹੈ। ਰੂਟ 'ਚ ਬਦਲਾਅ ਤੋਂ ਬਾਅਦ ਹੁਣ ਇਹ ਟਰੇਨ ਇਟਾਰਸੀ ਤੋਂ ਬਾਅਦ ਬਿਲਾਸਪੁਰ, ਚੰਪਾ, ਝਾਰਸੁਗੁਡਾ, ਰਾਊਰਕੇਲਾ, ਆਦਰਾ, ਆਸਨਸੋਲ, ਜਸੀਡੀਹ, ਝਾਝਾ, ਕਿਊਲ, ਬਰੌਨੀ, ਸੋਨਪੁਰ, ਛਪਰਾ, ਸੀਵਾਨ ਹੁੰਦੇ ਹੋਏ ਗੋਰਖਪੁਰ ਪੁੱਜੇਗੀ। ਪਹਿਲਾਂ ਇਸ ਨੂੰ ਮਹਾਰਾਸ਼ਟਰ ਅਤੇ ਮੱਧ  ਪ੍ਰਦੇਸ਼ ਤੋਂ ਹੁੰਦੇ ਹੋਏ ਉੱਤਰ ਪ੍ਰਦੇਸ਼ ਪੁੱਜਣਾ ਸੀ ਪਰ ਹੁਣ ਇਹ ਮਹਾਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਹ, ਓਡੀਸ਼ਾ, ਝਾਰਖੰਡ, ਪੱਛਮੀ ਬੰਗਾਲ, ਫਿਰ ਝਾਰਖੰਡ ਅਤੇ ਉਸ ਤੋਂ ਬਾਅਦ ਬਿਹਾਰ (ਕੁਲ 8 ਸੂਬੇ) ਹੁੰਦੇ ਹੋਏ ਉੱਤਰ ਪ੍ਰਦੇਸ਼ ਪੁੱਜੇਗੀ।

ਕੁੱਝ ਸੌ ਟਰੇਨਾਂ ਨਾਲ ਭਾਰੀ ਟ੍ਰੈਫਿਕ ਕਿਵੇਂ ਪੈਦਾ ਹੋ ਗਿਆ? 
ਇਸ ਬਾਰੇ ਰੇਲਵੇ ਦਾ ਕੋਈ ਅਧਿਕਾਰੀ ਕੁੱਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਰੇਲਵੇ ਆਪਣੀ ਗਲਤੀ ਲੁਕਾਉਣ ਲਈ ਬਹਾਨੇ ਬਣਾ ਰਿਹਾ ਹੈ। ਲਾਕਡਾਊਨ ਕਾਰਨ ਦੇਸ਼ 'ਚ ਰੇਲ ਸੇਵਾ ਮੁਲਤਵੀ ਹੈ। ਆਮ ਦਿਨਾਂ 'ਚ ਰੋਜ਼ਾਨਾ ਔਸਤਨ 11,000 ਗੱਡੀਆਂ ਚੱਲਦੀਆਂ ਹਨ ਜਦੋਂ ਕਿ ਹਾਲੇ ਤਾਂ ਸਿਰਫ਼ ਕੁੱਝ ਸੌ ਟਰੇਨਾਂ ਹੀ ਚੱਲ ਰਹੀ ਹਨ ਇਸ ਲਈ ਕਿਸੇ ਵੀ ਰੂਟ 'ਤੇ ਭਾਰੀ ਟ੍ਰੈਫਿਕ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

Inder Prajapati

This news is Content Editor Inder Prajapati