ਰਣਜੀਤ ਸਿੰਘ ਕਤਲਕਾਂਡ : CBI ਦੀ ਵਿਸ਼ੇਸ਼ ਅਦਾਲਤ ਨੇ ਰਾਮ ਰਹੀਮ ਸਮੇਤ 5 ਨੂੰ ਠਹਿਰਾਇਆ ਦੋਸ਼ੀ

10/08/2021 11:32:15 AM

ਹਰਿਆਣਾ- ਰਣਜੀਤ ਸਿੰਘ ਕਤਲਕਾਂਡ ਮਾਮਲੇ ’ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਨੂੰ ਡੇਰਾ ਮੁਖੀ ਰਾਮ ਰਹੀਮ ਸਮੇਤ 5 ਆਰੋਪੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਸਾਰੇ ਦੋਸ਼ੀਆਂ ਨੂੰ 12 ਅਕਤੂਬਰ ਨੂੰ ਸਜ਼ਾ ਸੁਣਵਾਈ ਜਾਵੇਗੀ। ਸ਼ੁੱਕਰਵਾਰ ਨੂੰ ਮਾਮਲੇ ’ਚ ਦੋਸ਼ੀ ਗੁਰਮੀਤ ਰਾਮ ਰਹੀਮ ਅਤੇ ਕ੍ਰਿਸ਼ਨ ਕੁਮਾਰ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਏ। ਉੱਥੇ ਹੀ ਦੋਸ਼ੀ ਅਵਤਾਰ, ਜਸਵੀਰ ਅਤੇ ਸਬਦਿਲ ਸਿੱਧੇ ਰੂਪ ਨਾਲ ਕੋਰਟ ’ਚ ਪੇਸ਼ ਹੋਏ। ਇਸ ਮਾਮਲੇ ’ਚ ਸ਼ੁੱਕਰਵਾਰ ਨੂੰ ਹੋਈ ਸੁਣਵਾਈ ਦੌਰਾਨ ਸਾਰੇ ਆਰੋਪੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਅਦਾਲਤ ਨੇ ਇਸ ਮਾਮਲੇ ’ਚ ਪਹਿਲੇ ਫ਼ੈਸਲਾ 26 ਅਗਸਤ ਨੂੰ ਸੁਣਾਉਣਾ ਸੀ। ਇਸਤਗਾਸਾ ਪੱਖ ਦੇ ਵਕੀਲ ਐੱਚ.ਪੀ.ਐੱਸ. ਵਰਮਾ ਨੇ ਦੱਸਿਆ ਕਿ 19 ਸਾਲ ਪੁਰਾਣੇ ਇਸ ਮਾਮਲੇ ’ਚ ਬੀਤੀ 12 ਅਗਸਤ ਨੂੰ ਬਚਾਅ ਪੱਖ ਦੀ ਅੰਤਿਮ ਬਹਿਸ ਪੂਰੀ ਹੋ ਗਈ ਸੀ। ਸੀ.ਬੀ.ਆਈ. ਜੱਜ ਡਾ. ਸੁਸ਼ੀਲ ਕੁਮਾਰ ਗਰਗ ਦੀ ਅਦਾਲਤ ’ਚ ਕਰੀਬ ਢਾਈ ਘੰਟੇ ਬਹਿਸ ਤੋਂ ਬਾਅਦ ਆਰੋਪੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ।

ਇਹ ਹੈ ਪੂਰਾ ਮਾਮਲਾ
ਦੱਸਣਯੋਗ ਹੈ ਕਿ 10 ਜੁਲਾਈ 2002 ਨੂੰ ਡੇਰੇ ਦੀ ਪ੍ਰਬੰਧਨ ਕਮੇਟੀ ਦੇ ਮੈਂਬਰ ਰਹੇ ਕੁਰੂਕੁਸ਼ੇਤਰ ਦੇ ਰਣਜੀਤ ਸਿੰਘ ਦਾ ਕਤਲ ਹੋਇਆ ਸੀ। ਡੇਰਾ ਪ੍ਰਬੰਧਨ ਨੂੰ ਸ਼ੱਕ ਸੀ ਕਿ ਰਣਜੀਤ ਸਿੰਘ ਨੇ ਸਾਧਵੀ ਯੌਨ ਸ਼ੋਸ਼ਣ ਦੀ ਗੁੰਮਨਾਮ ਚਿੱਠੀ ਆਪਣੀ ਭੈਣ ਤੋਂ ਹੀ ਲਿਖਵਾਈ ਸੀ। ਪੁਲਸ ਜਾਂਚ ਤੋਂ ਅਸੰਤੁਸ਼ਟ ਰਣਜੀਤ ਦੇ ਪਿਤਾ ਨੇ ਜਨਵਰੀ 2003 ’ਚ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਸੀ। ਸੀ.ਬੀ.ਆਈ. ਨੇ ਮਾਮਲੇ ਦੀ ਜਾਂਚ ਕਰਦੇ ਹੋਏ ਦੋਸ਼ੀਆਂ ’ਤੇ ਮਾਮਲਾ ਦਰਜ ਕੀਤਾ ਸੀ। 2007 ’ਚ ਕੋਰਟ ਨੇ ਦੋਸ਼ੀਆਂ ’ਤੇ ਚਾਰਜ ਫਰੇਮ ਕੀਤੇ ਸਨ। ਜ਼ਿਕਰਯੋਗ ਹੈ ਕਿ ਰਾਮ ਰਹੀਮ ਨੂੰ ਸਾਧਵੀਆਂ ਨਾਲ ਯੌਨ ਸ਼ੋਸ਼ਣ ਦੇ ਮਾਮਲੇ ’ਚ ਪਹਿਲਾਂ ਹੀ 20 ਸਾਲ ਦੀ ਸਜ਼ਾ ਹੋ ਚੁਕੀ ਹੈ ਅਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਕਤਲਕਾਂਡ ’ਚ ਉਹ ਉਮਰ ਕੈਦ ਦੀ ਸਜ਼ਾ ਸੁਨਾਰੀਆ ਜੇਲ੍ਹ ’ਚ ਕੱਟ ਰਿਹਾ ਹੈ। ਰਾਮ ਰਹੀਮ ਨੂੰ ਇਸ ਤੋਂ ਪਹਿਲਾਂ ਸੀ.ਬੀ.ਆਈ. ਜੱਜ ਰਹੇ ਜਗਦੀਪ ਸਿੰਘ ਨੇ ਸਜ਼ਾ ਸੁਣਾਈ ਸੀ। ਜਗਦੀਪ ਦਾ ਇਸੇ ਸਾਲ ਟਰਾਂਸਫਰ ਹੋ ਗਿਆ ਸੀ। ਉਨ੍ਹਾਂ ਦੀ ਜਗ੍ਹਾ ਚੰਡੀਗੜ੍ਹ ’ਚ ਸੀ.ਬੀ.ਆਈ. ਜੱਜ ਰਹੇ ਡਾ. ਸੁਸ਼ੀਲ ਗਰਗ ਨੂੰ ਪੰਚਕੂਲਾ ਸੀ.ਬੀ.ਆਈ. ਵਿਸ਼ੇਸ਼ ਅਦਾਲਤ ’ਚ ਨਿਯੁਕਤ ਕੀਤਾ ਗਿਆ ਹੈ।

DIsha

This news is Content Editor DIsha