ਸਾਬਕਾ ਫੌਜ ਮੁਖੀ ਦੇ ਖਿਲਾਫ ਲੁੱਕਆਊਟ ਸਰਕੁਲਰ ਰੱਦ ਕਰਨ ਦਾ ਨਿਰਦੇਸ਼

12/21/2018 5:12:16 PM

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਸੀ.ਬੀ.ਆਈ. ਨੂੰ ਸ਼ੁੱਕਰਵਾਰ ਨੂੰ ਨਿਰਦੇਸ਼ ਦਿੱਤਾ ਕਿ ਵੀ.ਵੀ.ਆਈ.ਪੀ. ਹੈਲੀਕਾਪਟਰ ਮਾਮਲੇ 'ਚ ਹਵਾਈ ਫੌਜ ਦੇ ਮੁੱਖੀ ਅਤੇ ਸਹਿ ਦੋਸ਼ੀ ਐੱਸ.ਪੀ. ਤਿਆਗੀ ਦੇ ਖਿਲਾਫ ਜਾਰੀ ਲੁੱਕਆਊਟ ਸਰਕੁਲਰ ਨੂੰ ਉਹ ਰੱਦ ਕਰ ਦੇਣ। ਚੀਫ ਜਸਟਿਸ ਅਰਵਿੰਦ ਕੁਮਾਰ ਨੇ ਜਾਂਚ ਏਜੰਸੀ ਨੂੰ ਕਿਹਾ ਕਿ ਉਹ ਇਸ ਬਾਰੇ ਸੰਬੰਧਤ ਅਧਿਕਾਰੀਆਂ ਨੂੰ ਸੂਚਿਤ ਕਰ ਦੇਣ। ਸੀ.ਬੀ.ਆਈ. ਨੇ ਇਕ ਸਤੰਬਰ 2017 ਨੂੰ ਮਾਮਲੇ 'ਚ ਦੋਸ਼ ਪੱਤਰ ਦਾਇਰ ਕੀਤਾ ਸੀ, ਜਿਸ 'ਚ ਤਿਆਗੀ ਅਤੇ ਬ੍ਰਿਟੇਨ ਦੇ ਨਾਗਰਿਕ ਕ੍ਰਿਸ਼ਚੀਅਨ ਮਿਸ਼ੇਲ ਦਾ ਨਾਂ ਦੋਸ਼ੀਆਂ ਦੇ ਰੂਪ 'ਚ ਸ਼ਾਮਲ ਕੀਤਾ ਸੀ।

ਵੀ.ਵੀ.ਆਈ.ਪੀ. ਹੈਲੀਕਾਪਟਰ ਸੌਦੇ 'ਚ ਰਿਸ਼ਵਤਖੋਰੀ ਦੇ ਸਿਲਸਿਲੇ 'ਚ ਜੋ ਦੋਸ਼ ਪੱਤਰ ਦਾਇਰ ਕੀਤਾ ਗਿਆ, ਉਸ 'ਚ ਹੋਰ 9 ਲੋਕਾਂ ਦੇ ਨਾਂ ਵੀ ਸਨ। ਤਿਆਗੀ (73) ਭਾਰਤੀ ਹਵਾਈ ਫੌਜ ਦੇ ਅਜਿਹੇ ਪਹਿਲੇ ਮੁਖੀ ਹਨ, ਜਿਨ੍ਹਾਂ ਦਾ ਨਾਂ ਸੀ.ਬੀ.ਆਈ. ਨੇ ਭ੍ਰਿਸ਼ਟਾਚਾਰ ਜਾਂ ਅਪਰਾਧਕ ਮਾਮਲੇ 'ਚ ਦੋਸ਼ ਪੱਤਰ 'ਚ ਸ਼ਾਮਲ ਕੀਤਾ ਹੈ। ਹਾਲਾਂਕਿ ਤਿਆਗੀ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।


Related News