ਮਨੁੱਖੀ ਤਸਕਰੀ ਮਾਮਲਿਆਂ ''ਚ ਦੋਸ਼ੀ ''ਸੋਨੂੰ ਪੰਜਾਬਣ'' ''ਤੇ ਚੱਲੀਆਂ ਗੋਲੀਆਂ

01/23/2019 5:23:20 PM

ਨਵੀਂ ਦਿੱਲੀ (ਭਾਸ਼ਾ)— ਮਨੁੱਖੀ ਤਸਕਰੀ ਦੇ ਮਾਮਲਿਆਂ ਵਿਚ ਆਪਣੀ ਸ਼ਮੂਲੀਅਤ ਨੂੰ ਲੈ ਕੇ ਮਸ਼ਹੂਰ ਸੋਨੂੰ ਪੰਜਾਬਣ 'ਤੇ ਪੂਰਬੀ ਦਿੱਲੀ ਵਿਚ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਉਹ ਬੁੱਧਵਾਰ ਤੜਕੇ ਘਰ ਵਾਪਸ ਪਰਤ ਰਹੀ ਸੀ। ਪੁਲਸ ਮੁਤਾਬਕ ਮਨੁੱਖੀ ਤਸਕਰੀ ਅਤੇ ਇਕ ਲੜਕੀ ਨੂੰ ਵੇਸਵਾਪੁਣੇ ਲਈ ਮਜਬੂਰ ਕਰਨ ਦੇ ਇਕ ਮਾਮਲੇ ਵਿਚ ਸੋਨੂੰ ਜੇਲ 'ਚ ਸੀ। ਇਸ ਸਮੇਂ ਉਹ ਪੈਰੋਲ 'ਤੇ ਬਾਹਰ ਆਈ ਹੈ। ਪੁਲਸ ਨੂੰ ਤੜਕੇ ਕਰੀਬ 4 ਵਜੇ ਗੀਤਾ ਕਾਲੋਨੀ ਪੁਸ਼ਤਾ ਦੇ ਨੇੜੇ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ। 

ਇਸ ਤੋਂ ਬਾਅਦ ਪੁਲਸ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਪਹੁੰਚੇ। ਪੁਲਸ ਨੇ ਦੱਸਿਆ ਕਿ ਰਿਸ਼ਤੇਦਾਰ ਨੂੰ ਮਿਲਣ ਤੋਂ ਬਾਅਦ ਉਹ ਵਾਪਸ ਘਰ ਪਰਤ ਰਹੀ ਸੀ। ਉਸ ਸਮੇਂ 3 ਲੋਕਾਂ ਨੇ ਉਸ ਦੀ ਕਾਰ ਨੂੰ ਓਵਰਟੇਕ ਕਰ ਕੇ ਰੋਕਿਆ ਅਤੇ 3 ਗੋਲੀਆਂ ਚਲਾ ਕੇ ਫਰਾਰ ਹੋ ਗਏ। ਕਿਸਮਤ ਚੰਗੀ ਰਹੀ ਕਿ ਕੋਈ ਵੀ ਗੋਲੀ ਉਸ ਨੂੰ ਨਹੀਂ ਲੱਗੀ। ਪੁਲਸ ਨੇ ਦੱਸਿਆ ਕਿ ਘਟਨਾ ਦੇ ਸਿਲਸਿਲੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Tanu

This news is Content Editor Tanu