ਭਾਸ਼ਣ ਦੌਰਾਨ ਭਾਵੁਕ ਹੋਈ ਸੋਨੀਆ, ਰਾਹੁਲ ਨੇ ਲਗਾਇਆ ਗਲੇ

03/18/2018 10:10:44 AM

ਨੈਸ਼ਨਲ ਡੈਸਕ— ਅਖਿਲ ਭਾਰਤੀ ਕਾਂਗਰਸ ਦੇ 84ਵੇਂ ਸੰਮੇਲਨ 'ਚ ਸ਼ਨੀਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਯੂ.ਪੀ.ਏ. ਸਾਬਕਾ ਚੇਅਰਪਰਸਨ ਸੋਨੀਆ ਗਾਂਧੀ ਨੇ ਮੋਦੀ ਸਰਕਾਰ 'ਤੇ ਜੰਮ ਕੇ ਭੜਾਸ ਕੱਢੀ। ਸੋਨੀਆ ਨੇ ਪੀ.ਐੱਮ. 'ਤੇ ਸਿੱਧਾ ਹਮਲਾ ਬੋਲਦੇ ਹੋਏ ਕਿਹਾ ਕਿ 'ਸਬ ਕਾ ਸਾਥ, ਸਬ ਕਾ ਵਿਕਾਸ' ਅਤੇ 'ਨਾ ਖਾਵਾਂਗਾ ਨਾ ਖਾਣ ਦੇਵਾਂਗਾ' ਵਰਗੇ ਨਾਅਰੇ ਸਿਰਫ ਨਾਟਕ ਸਨ ਅਤੇ ਸੱਤਾ ਹਥਿਆਉਣ ਦੀ ਚਾਲ ਸੀ।

ਸੋਨੀਆ ਦੇ ਭਾਸ਼ਣ ਨਾਲ ਵਰਕਰਾਂ 'ਚ ਭਰਿਆ ਜੋਸ਼
ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਸੋਨੀਆ ਗਾਂਧੀ ਭਾਵੁਕ ਹੋ ਗਈ ਅਤੇ ਉਹ ਜਿਵੇਂ ਹੀ ਮੰਚ ਤੋਂ ਹੇਠਾਂ ਉਤਰੀ ਤਾਂ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਗਲੇ ਲਗਾ ਲਿਆ। ਇਸ ਦੌਰਾਨ ਸੰਮੇਲਨ ਦਾ ਮਾਹੌਲ ਗਮਗੀਨ ਹੋ ਗਿਆ। ਉੱਥੇ ਮੌਜੂਦ ਵਰਕਰਾਂ ਨੇ ਰਾਹੁਲ ਅਤੇ ਸੋਨੀਆ ਲਈ ਤਾੜੀਆਂ ਵਜਾਈਆਂ। ਆਪਣੇ ਭਾਸ਼ਣ 'ਚ ਸੋਨੀਆ ਨੇ ਕਿਹਾ ਕਿ ਰਾਹੁਲ ਨੇ ਚੁਣੌਤੀਪੂਰਨ ਸਮੇਂ 'ਚ ਜ਼ਿੰਮੇਵਾਰੀ ਸੰਭਾਲੀ ਹੈ। ਅਸੀਂ ਸਾਰਿਆਂ ਨੂੰ ਨਿੱਜੀ ਅਹਿਮ ਅਤੇ ਇੱਛਾਵਾਂ ਨੂੰ ਕਿਨਾਰੇ ਰੱਖ ਕੇ ਇਕਜੁਟ ਹੋ ਕੇ ਉਨ੍ਹਾਂ ਦਾ ਸਾਥ ਦੇਣਾ ਹੋਵੇਗਾ। ਉਨ੍ਹਾਂ ਦੇ ਅਨੁਸਾਰ ਕਾਂਗਰਸ ਇਕ ਦਲ ਨਹੀਂ ਇਕ ਸੋਚ ਹੈ, ਅੰਦੋਲਨ ਹੈ।
ਸੱਤਾ ਦੇ ਅਹੰਕਾਰ ਦੇ ਸਾਹਮਣੇ ਨਹੀਂ ਝੁਕੇਗੀ ਕਾਂਗਰਸ
ਯੂ.ਪੀ.ਏ. ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸੱਤਾ ਦੇ ਅਹੰਕਾਰ ਦੇ ਸਾਹਮਣੇ ਕਦੇ ਨਹੀਂ ਝੁਕੇਗੀ। ਅਸੀਂ ਮੋਦੀ ਸਰਕਾਰ ਦੇ ਭ੍ਰਿਸ਼ਟਾਚਾਰ ਦਾ ਖੁਲਾਸਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਰਾਸ਼ਟਰ ਨਿਰਮਾਣ 'ਚ ਸਭ ਤੋਂ ਵਧ ਯੋਗਦਾਨ ਦਿੱਤਾ ਹੈ। ਹੁਣ ਕਾਂਗਰਸ ਪ੍ਰਧਾਨ ਅਤੇ ਸਾਡੇ ਸਾਰਿਆਂ ਦੇ ਸਾਹਮਣੇ ਚੁਣੌਤੀ ਨਹੀਂ ਹੈ, ਸਾਨੂੰ ਸੰਘਰਸ਼ ਕਰਨਾ ਹੋਵੇਗਾ। ਸੋਨੀਆ ਨੇ ਕਿਹਾ ਕਿ ਅੱਜ ਵੀ ਲੋਕਾਂ ਦੇ ਦਿਲਾਂ 'ਚ ਕਾਂਗਰਸ ਲਈ ਪਿਆਰ ਜ਼ਿੰਦਾ ਹੈ। ਮੌਜੂਦਾ ਮੋਦੀ ਸਰਕਾਰ ਯੂ.ਪੀ.ਏ. ਦੇ ਕਾਰਜਕਾਲ 'ਚ ਬਣਾਈਆਂ ਗਈਆਂ ਕਈ ਯੋਜਨਾਵਾਂ ਨੂੰ ਤਬਾਹ ਕਰਨ 'ਤੇ ਉਤਾਰੂ ਹੈ।