ਸੋਨੀਆ ਗਾਂਧੀ ਛੱਡੇਗੀ ਕਾਂਗਰਸ ਪ੍ਰਧਾਨ ਦਾ ਅਹੁਦਾ, ਕਿਹਾ- ਪੂਰਾ ਕਰ ਲਿਆ ਇਕ ਸਾਲ ਦਾ ਕਾਰਜਕਾਲ

08/23/2020 5:41:22 PM

ਨਵੀਂ ਦਿੱਲੀ— ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਹੁਦਾ ਛੱਡੇਗੀ। ਦਰਅਸਲ ਲੰਬੇ ਸਮੇਂ ਤੋਂ ਕਾਂਗਰਸ 'ਚ ਪੂਰੇ ਸਮੇਂ ਦੇ ਪ੍ਰਧਾਨ ਦੀ ਮੰਗ ਚੱਲ ਰਹੀ ਹੈ। ਸੂਤਰਾਂ ਮੁਤਾਬਕ ਸੋਨੀਆ ਗਾਂਧੀ ਨੇ ਪਾਰਟੀ ਸਹਿਯੋਗੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਨੇ ਇਕ ਸਾਲ ਦਾ ਕਾਰਜਕਾਲ ਪੂਰਾ ਕਰ ਲਿਆ ਹੈ ਅਤੇ ਉਹ ਪਾਰਟੀ ਪ੍ਰਧਾਨ ਅਹੁਦੇ ਤੋਂ ਹਟਣਾ ਚਾਹੇਗੀ ਅਤੇ ਉਨ੍ਹਾਂ ਨੂੰ ਨਵਾਂ ਪ੍ਰਧਾਨ ਚੁਣਨਾ ਚਾਹੀਦਾ ਹੈ। ਲੰਬੇ ਸਮੇਂ ਤੋਂ ਕਾਂਗਰਸ 'ਚ ਸੰਗਠਨ ਦੇ ਪੱਧਰ 'ਤੇ ਬਦਲਾਅ ਨੂੰ ਲੈ ਕੇ ਚਰਚਾ ਚੱਲ ਰਹੀ ਹੈ।

ਦਰਅਸਲ ਕਾਂਗਰਸ ਦੇ 20 ਤੋਂ ਵਧੇਰੇ ਨੇਤਾਵਾਂ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਬਦਲਾਅ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਪ੍ਰਧਾਨ ਅਹੁਦੇ ਲਈ ਚੋਣਾਂ ਕਰਾਉਣ ਲਈ ਕਿਹਾ ਹੈ। ਸੋਨੀਆ ਗਾਂਧੀ ਨੇ ਪਾਰਟੀ ਦੇ ਨੇਤਾਵਾਂ ਦੇ ਇਕ ਸਮੂਹ ਵਲੋਂ ਲਿਖੀ ਚਿੱਠੀ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਸਾਰਿਆਂ ਨੂੰ ਮਿਲ ਕੇ ਇਕ ਨਵਾਂ ਮੁਖੀਆ ਲੱਭਣਾ ਚਾਹੀਦਾ ਹੈ ਅਤੇ ਉਹ ਅੱਗੇ ਆਪਣੀ ਜ਼ਿੰਮੇਵਾਰੀ ਨਹੀਂ ਸੰਭਾਲਣਾ ਚਾਹੁੰਦੀ ਹੈ।

ਦੱਸ ਦੇਈਏ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਮ ਚੋਣਾਂ 'ਚ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਉਸ ਤੋਂ ਬਾਅਦ ਸੋਨੀਆ ਗਾਂਧੀ ਨੂੰ ਮੁੜ ਪ੍ਰਧਾਨ ਬਣਾਇਆ ਗਿਆ। ਬੀਤੇ ਕੁਝ ਹਫ਼ਤਿਆਂ ਤੋਂ ਕਾਂਗਰਸ ਦੇ ਕਈ ਨੇਤਾ ਖੁੱਲ੍ਹ ਕੇ ਇਸ ਗੱਲ ਦੀ ਮੰਗ ਕਰ ਚੁੱਕੇ ਹਨ ਕਿ ਇਕ ਵਾਰ ਫਿਰ ਰਾਹੁਲ ਗਾਂਧੀ ਨੂੰ ਕਾਂਗਰਸ ਦੀ ਕਮਾਨ ਸੌਂਪੀ ਜਾਵੇ। ਹਾਲਾਂਕਿ ਰਾਹੁਲ ਗਾਂਧੀ ਕਹਿ ਚੁੱਕੇ ਹਨ ਕਿ ਪਾਰਟੀ ਪ੍ਰਧਾਨ ਗੈਰ-ਕਾਂਗਰਸੀ ਹੋਣਾ ਚਾਹੀਦਾ ਹੈ।

ਕਾਂਗਰਸ ਵਰਕਿੰਗ ਕਮੇਟੀ (ਸੀ. ਡਬਲਿਊ. ਸੀ.) ਦੀ ਕੱਲ੍ਹ ਯਾਨੀ ਕਿ ਸੋਮਵਾਰ ਨੂੰ ਹੋਣ ਜਾ ਰਹੀ ਬੈਠਕ 'ਚ ਇਸ ਮੁੱਦੇ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ। ਸਵੇਰੇ 11 ਵਜੇ ਹੋਣ ਵਾਲੀ ਇਸ ਬੈਠਕ ਵਿਚ ਸਿਆਸੀ ਮਾਹੌਲ ਦੇ ਨਾਲ ਹੀ ਦੇਸ਼ ਦੀ ਸੁਰੱਖਿਆ ਨਾਲ ਜੁੜੇ ਮੁੱਦੇ ਅਤੇ ਪਾਰਟੀ 'ਚ ਲੀਡਰਸ਼ਿਪ ਵਰਗੇ ਮੁੱੱਦਿਆਂ 'ਤੇ ਚਰਚਾ ਹੋ ਸਕਦੀ ਹੈ। ਕੁਝ ਨੇਤਾਵਾਂ ਵਲੋਂ ਪਾਰਟੀ ਦੀ ਵਾਂਗਡੋਰ ਯੁਵਾ ਨੇਤਾ ਨੂੰ ਸੌਂਪਣ ਦਾ ਮੁੱਦਾ ਵਾਰ-ਵਾਰ ਚੁੱਕਿਆ ਜਾ ਰਿਹਾ  ਹੈ ਅਤੇ ਇਸ ਨੂੰ ਲੈ ਕੇ ਬੈਠਕ 'ਚ ਵਿਚਾਰ ਕੀਤਾ ਜਾ ਸਕਦਾ ਹੈ।


Tanu

Content Editor

Related News