ਰਾਹੁਲ ਦੀ ਤਾਜਪੋਸ਼ੀ ''ਤੇ ਭਾਵੁਕ ਹੋਈ ਸੋਨੀਆ ਗਾਂਧੀ, 3 ਵਾਰ ਰੋਕਣੀ ਪਈ ਸਪੀਚ

12/17/2017 10:03:22 AM

ਨਵੀਂ ਦਿੱਲੀ— ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਦੇ ਪ੍ਰਧਾਨ ਦੇ ਰੂਪ 'ਚ ਰਸਮੀ ਤੌਰ 'ਤੇ ਵਾਗਡੋਰ ਸੰਭਾਲ ਲਈ ਅਤੇ ਪਾਰਟੀ ਜਨਾਂ ਤੋਂ ਹਿੰਸਾ ਅਤੇ ਗੁੱਸੇ ਦੀ ਰਾਜਨੀਤੀ ਨਾਲ ਲੜਨ ਅਤੇ ਉਸ ਨੂੰ ਹਰਾਉਣ ਦੀ ਅਪੀਲ ਕੀਤੀ। ਇਸ ਮੌਕੇ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਮੌਜੂਦ ਸਨ। ਇਸ ਮੌਕੇ ਜਿੱਥੇ ਮਨਮੋਹਨ ਸਿੰਘ ਨੇ ਸੋਨੀਆ ਨੂੰ ਇਕ ਸਮਰਿਤੀ ਚਿੰਨ੍ਹ ਭੇਟ ਕਰ ਕੇ ਪਾਰਟੀ 'ਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ, ਉੱਥੇ ਹੀ ਪਾਰਟੀ ਦੇ ਜਨਰਲ ਸਕੱਤਰ ਜਨਾਰਦਨ ਦਿਵੇਦੀ ਨੇ ਰਾਹੁਲ ਨੂੰ ਸ਼ਾਲ ਪਹਿਨਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਆਪਣੀ ਵਿਦਾਈ 'ਤੇ ਸਪੀਚ ਦਿੰਦੇ ਹੋਏ ਸੋਨੀਆ ਕਈ ਵਾਰ ਭਾਵੁਕ ਹੋਈ ਅਤੇ ਕਈ ਵਾਰ ਉਨ੍ਹਾਂ ਨੇ ਆਪਣੀ ਸੱਸ ਇੰਦਰਾ ਗਾਂਧੀ ਦਾ ਜ਼ਿਕਰ ਕੀਤਾ।
ਤਿੰਨ ਵਾਰ ਰੋਕਣੀ ਪਈ ਸਪੀਚ
ਕਾਂਗਰਸ ਵਰਕਰਜ਼ ਵੱਲੋਂ ਪਟਾਕੇ ਚਲਾਉਣ ਕਾਰਨ ਉਨ੍ਹਾਂ ਨੂੰ 3 ਵਾਰ ਆਪਣੀ ਸਪੀਚ ਰੋਕਣੀ ਪਈ। ਵਰਕਰਾਂ 'ਚ ਜੋਸ਼ ਦਾ ਆਲਮ ਇਹ ਸੀ ਕਿ ਉਹ ਵਾਰ-ਵਾਰ ਸਮਝਾਉਣ 'ਤੇ ਵੀ ਨਹੀਂ ਮੰਨ ਰਹੇ ਸਨ।
ਭਾਵੁਕ ਹੋ ਬੋਲੀ, ਡਰ ਰਹੀ ਸੀ ਕਿਵੇਂ ਸੰਭਾਲਾਂਗੀ ਸੰਗਠਨ
ਸੋਨੀਆ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ 20 ਸਾਲ ਪਹਿਲਾਂ ਜਦੋਂ ਤੁਸੀਂ ਮੈਨੂੰ ਪ੍ਰਧਾਨ ਅਹੁਦੇ ਲਈ ਚੁਣਿਆ ਤਾਂ ਮੈਨੂੰ ਘਬਰਾਹਟ ਸੀ ਕਿ ਕਿਵੇਂ ਇਸ ਸੰਗਠਨ ਨੂੰ ਸੰਭਾਲਾਂਗੀ। ਉਦੋਂ ਮੇਰੇ ਸਾਹਮਣੇ ਇਕ ਕਠਿਨ ਕਰਤੱਵ ਸੀ।