ਸੋਨੀਆ ਦਾ PM ਮੋਦੀ ’ਤੇ ਹਮਲਾ, ਕਿਹਾ-‘ਘੱਟੋ-ਘੱਟ ਸਰਕਾਰ, ਵੱਧ ਤੋਂ ਵੱਧ ਸ਼ਾਸਨ’ ਦਾ ਮਤਲਬ ਡਰ ਦਾ ਮਾਹੌਲ ਬਣਾਉਣਾ

05/13/2022 4:19:13 PM

ਨੈਸ਼ਨਲ ਡੈਸਕ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਹਮਲਾ ਕੀਤਾ ਤੇ ਦੋਸ਼ ਲਾਇਆ ਕਿ ਉਨ੍ਹਾਂ ਦੀ ‘ਘੱਟੋ-ਘੱਟ ਸਰਕਾਰ, ਵੱਧ ਤੋਂ ਵੱਧ ਸ਼ਾਸਨ’ (ਮਿਨੀਮਮ ਗਵਰਨਮੈਂਟ, ਮੈਕਸੀਮਮ ਗਵਰਨੈਂਸ) ਦਾ ਅਰਥ ਲਗਾਤਾਰ ਧਰੁਵੀਕਰਨ ਕਰਨਾ ਅਤੇ ਡਰ ਦਾ ਮਾਹੌਲ ਬਣਾਉਣਾ ਹੈ। ਉਨ੍ਹਾਂ ਨੇ ਕਾਂਗਰਸ ਦੇ ‘ਨਵਸੰਕਲਪ ਚਿੰਤਨ ਸ਼ਿਵਿਰ’ ਦੀ ਸ਼ੁਰੂਆਤ ਮੌਕੇ ਪਾਰਟੀ ’ਚ ਵੱਡੇ ਸੁਧਾਰ ਦੀ ਗੱਲ ਕੀਤੀ ਅਤੇ ਆਗੂਆਂ ਨੂੰ ਸੱਦਾ ਦਿੱਤਾ ਕਿ ਉਹ ‘ਵੱਡੇ ਸਮੂਹਿਕ ਯਤਨਾਂ ਰਾਹੀਂ ਪਾਰਟੀ ’ਚ ਨਵੀਂ ਜਾਨ ਫ਼ੂਕੋ ਕਿਉਂਕਿ ਹੁਣ ਪਾਰਟੀ ਦਾ ਕਰਜ਼ਾ ਚੁਕਾਉਣ ਦਾ ਸਮਾਂ ਆ ਗਿਆ ਹੈ।’ ਉਨ੍ਹਾਂ ਦੇ ਸੰਬੋਧਨ ਤੋਂ ਬਾਅਦ ਕਾਂਗਰਸ ਦਾ ਚਿੰਤਨ ਸ਼ਿਵਿਰ ਸ਼ੁਰੂ ਹੋਇਆ। ਸੋਨੀਆ ਗਾਂਧੀ ਨੇ ਕਿਹਾ, ‘‘ਚਿੰਤਨ ਸ਼ਿਵਿਰ ਸਾਨੂੰ ਇਹ ਮੌਕਾ ਦਿੰਦਾ ਹੈ ਕਿ ਅਸੀਂ ਦੇਸ਼ ਦੇ ਸਾਹਮਣੇ ਖੜ੍ਹੀਆਂ ਉਨ੍ਹਾਂ ਚੁਣੌਤੀਆਂ ’ਤੇ ਚਰਚਾ ਕਰੀਏ, ਜੋ ਭਾਜਪਾ ਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਵੱਲੋਂ ਪੈਦਾ ਕੀਤੀਆਂ ਗਈਆਂ ਹਨ।’’

ਇਹ ਵੀ ਪੜ੍ਹੋ : ਤਰਨਤਾਰਨ ’ਚ ਵਾਪਰੀ ਵੱਡੀ ਵਾਰਦਾਤ, ਨੂੰਹ ਨੇ ਕੁੱਟ-ਕੁੱਟ ਕੀਤਾ ਸੱਸ ਦਾ ਕਤਲ

ਉਨ੍ਹਾਂ ਕਿਹਾ ਕਿ ਇਸ ਸ਼ਿਵਿਰ ’ਚ ਰਾਸ਼ਟਰੀ ਮੁੱਦਿਆਂ ਅਤੇ ਸੰਗਠਨ ’ਤੇ ‘ਬੋਲਡ ਚਿੰਤਨ’ ਹੋਵੇਗਾ। ਪ੍ਰਧਾਨ ਮੰਤਰੀ ’ਤੇ ਹਮਲਾ ਕਰਦੇ ਹੋਏ ਕਾਂਗਰਸ ਪ੍ਰਧਾਨ ਨੇ ਕਿਹਾ, ‘‘ਇਹ ਸਪੱਸ਼ਟ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ‘ਘੱਟੋ-ਘੱਟ ਸਰਕਾਰ, ਵੱਧ ਤੋਂ ਵੱਧ ਸ਼ਾਸਨ’ ਦੀ ਗੱਲ ਕਰਨ ਦਾ ਕੀ ਮਤਲਬ ਹੈ? ਇਸ ਦਾ ਅਰਥ ਹੈ ਲਗਾਤਾਰ ਧਰੁਵੀਕਰਨ ਅਤੇ ਡਰ ਦਾ ਮਾਹੌਲ ਬਣਾਉਣਾ। ਉਨ੍ਹਾਂ ਦੋਸ਼ ਲਾਇਆ ਕਿ ਇਸ ਸਰਕਾਰ ਦੇ ‘ਘੱਟੋ-ਘੱਟ ਸਰਕਾਰ, ਵੱਧ ਤੋਂ ਵੱਧ ਸ਼ਾਸਨ’ ਦਾ ਮਤਲਬ ਘੱਟਗਿਣਤੀਆਂ ਨੂੰ ਡਰਾਉਣਾ ਹੈ, ਜਦਕਿ ਘੱਟਗਿਣਤੀ ਦੇਸ਼ ਦੇ ਬਰਾਬਰ ਦੇ ਨਾਗਰਿਕ ਹਨ। ਇਸ ਸਰਕਾਰ ਦੇ ‘ਘੱਟੋ-ਘੱਟ ਸਰਕਾਰ, ਵੱਧ ਤੋਂ ਵੱਧ ਸ਼ਾਸਨ’ ਦਾ ਮਤਲਬ ਹੈ ਸਿਆਸੀ ਵਿਰੋਧੀਆਂ ਨੂੰ ਡਰਾਉਣਾ, ਉਨ੍ਹਾਂ ਨੂੰ ਬਦਨਾਮ ਕਰਨਾ ਅਤੇ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਜੇਲ੍ਹਾਂ ’ਚ ਡੱਕਣਾ।’’ ਸੋਨੀਆ ਗਾਂਧੀ ਮੁਤਾਬਕ ਭਾਜਪਾ ਸਰਕਾਰ ਦੇ ‘ਘੱਟੋ-ਘੱਟ ਸਰਕਾਰ, ਵੱਧ ਤੋਂ ਵੱਧ ਸ਼ਾਸਨ’ ਦਾ ਮਤਲਬ ਹੈ ਕਿ ਇਤਿਹਾਸ ’ਤੇ ਮੁੜ ਵਿਚਾਰ ਕੀਤਾ ਜਾਵੇ, ਆਜ਼ਾਦੀ ਘੁਲਾਟੀਆਂ ਦੇ ਯੋਗਦਾਨ ਨੂੰ ਘੱਟ ਕੀਤਾ ਜਾਵੇ ਅਤੇ ਮਹਾਤਮਾ ਗਾਂਧੀ ਦੇ ਕਾਤਲਾਂ ਦੀ ਵਡਿਆਈ ਕੀਤੀ ਜਾਵੇ। ਉਨ੍ਹਾਂ ਕਿਹਾ, ‘‘ਸਾਡੀ ਮਹਾਨ ਸੰਸਥਾ ਤੋਂ ਸਮੇਂ-ਸਮੇਂ ’ਤੇ ਲਚਕੀਲੇਪਣ ਦੀ ਉਮੀਦ ਕੀਤੀ ਜਾਂਦੀ ਹੈ। ਇਕ ਵਾਰ ਸਾਡੇ ਤੋਂ ਆਸ ਕੀਤੀ ਜਾ ਰਹੀ ਹੈ ਕਿ ਅਸੀਂ ਆਪਣੇ ਸਮਰਥਨ ਅਤੇ ਹਿੰਮਤ ਦੀ ਭਾਵਨਾ ਦਾ ਪਰਿਚੈ ਦੇਈਏ।”

ਇਹ ਵੀ ਪੜ੍ਹੋ : ਝੋਨੇ ਦੀ ਸਿੱਧੀ ਬੀਜਾਈ ਨੂੰ ਲੈ ਕੇ ਕਿਸਾਨਾਂ ਦੀ ਸਰਕਾਰ ਅੱਗੇ ਵੱਡੀ ਸ਼ਰਤ


Manoj

Content Editor

Related News