ਸੋਨਭੱਦਰ ਕਤਲਕਾਂਡ : ਧਰਨੇ ''ਤੇ ਬੈਠੀ ਪ੍ਰਿਅੰਕਾ ਨੂੰ ਮਿਲੇ ਪੀੜਤ ਪਰਿਵਾਰ, ਦਰਦ ਨੂੰ ਸੁਣ ਹੋਈ ਭਾਵੁਕ

07/20/2019 12:39:43 PM

ਮਿਰਜ਼ਾਪੁਰ— ਉੱਤਰ ਪ੍ਰਦੇਸ਼ ਦੇ ਸੋਨਭੱਦਰ ਜਾਣ ਦੀ ਜ਼ਿੱਦ 'ਤੇ ਅੜੀ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਮਿਰਜ਼ਾਪੁਰ 'ਚ 24 ਘੰਟੇ ਦੇ ਧਰਨੇ ਤੋਂ ਬਾਅਦ ਚੋਣ ਗੈਸਟ ਹਾਊਸ ਦੇ ਬਾਹਰ ਪੀੜਤਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਸੋਨਭੱਦਰ ਕਤਲਕਾਂਡ ਦੇ ਪੀੜਤ ਪ੍ਰਿਅੰਕਾ ਗਾਂਧੀ ਨੂੰ ਮਿਲਣ ਚੋਣ ਗੈਸਟ ਪੁੱਜੇ ਪਰ ਪ੍ਰਸ਼ਾਸਨ ਨੇ ਸਿਰਫ 2 ਲੋਕਾਂ ਨੂੰ ਹੀ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦਿੱਤੀ। ਓਧਰ ਪ੍ਰਿਅੰਕਾ ਨੇ ਕਿਹਾ ਕਿ ਪੀੜਤਾਂ ਦੇ ਸਿਰਫ 2 ਰਿਸ਼ਤੇਦਾਰਾਂ ਨੇ ਮੇਰੇ ਨਾਲ ਮੁਲਾਕਾਤ ਕੀਤੀ, 15 ਲੋਕਾਂ ਨੂੰ ਮੇਰੇ ਨਾਲ ਮਿਲਣ ਨਹੀਂ ਦਿੱਤਾ ਗਿਆ।

2 ਪੀੜਤਾਂ ਨੂੰ ਮਿਲ ਕੇ ਅਤੇ ਉਨ੍ਹਾਂ ਦੇ ਦਰਦ ਨੂੰ ਸੁਣ ਕੇ ਪ੍ਰਿਅੰਕਾ ਗਾਂਧੀ ਭਾਵੁਕ ਹੋ ਗਈ। ਪ੍ਰਿਅੰਕਾ ਨੇ ਕਿਹਾ ਕਿ ਉਹ ਧਾਰਾ-144 ਦਾ ਉਲੰਘਣ ਨਹੀਂ ਕਰਨਾ ਚਾਹੁੰਦੀ, ਫਿਰ ਵੀ ਸਰਕਾਰ ਉਨ੍ਹਾਂ ਨੂੰ ਪੀੜਤ ਪਰਿਵਾਰਾਂ ਨੂੰ ਮਿਲਣ ਨਹੀਂ ਦੇ ਰਹੀ ਹੈ। ਇਸ ਤੋਂ ਪਹਿਲਾਂ ਪ੍ਰਿਅੰਕਾ ਨੇ ਸ਼ਨੀਵਾਰ ਦੀ ਸਵੇਰ ਨੂੰ ਆਪਣੇ ਟਵਿੱਟਰ ਹੈਂਡਲ ਤੋਂ ਸੋਨਭੱਦਰ ਹਿੰਸਾ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦਾ ਵੀਡੀਆ ਸ਼ੇਅਰ ਕਰਦੇ ਹੋਏ ਲਿਖਿਆ, ''ਕੀ ਇਨ੍ਹਾਂ ਹੰਝੂਆਂ ਨੂੰ ਪੂੰੰਝਣਾ ਅਪਰਾਧ ਹੈ?

 

ਪ੍ਰਿਅੰਕਾ ਨੇ ਸਰਕਾਰ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਮੈਨੂੰ ਪੀੜਤਾਂ ਨਾਲ ਮਿਲਣ ਦੀ ਆਗਿਆ ਨਹੀਂ ਦਿੱਤੀ। ਭਗਵਾਨ ਹੀ ਜਾਣੇ ਇਨ੍ਹਾਂ ਦੀ ਮਾਨਸਿਕਤਾ ਕੀ ਹੈ? ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਿਅੰਕਾ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਇਨ੍ਹਾਂ ਦੀ ਰਖਵਾਲੀ ਕਰਨੀ ਚਾਹੀਦੀ ਹੈ। ਜਦੋਂ ਇਨ੍ਹਾਂ ਨਾਲ ਹਾਦਸਾ ਹੋ ਰਿਹਾ ਸੀ, ਮਦਦ ਕਰਨੀ ਚਾਹੀਦੀ ਸੀ, ਕੁਝ ਨਹੀਂ ਕੀਤਾ। ਹੁਣ ਜਦੋਂ ਉਹ ਇੱਥੋਂ ਤਕ ਆਏ ਹਨ ਮੈਨੂੰ ਮਿਲਣ ਲਈ ਤਾਂ ਉਨ੍ਹਾਂ ਨੂੰ ਆਉਣ ਵੀ ਨਹੀਂ ਦਿੱਤਾ ਜਾ ਰਿਹਾ। ਪ੍ਰਸ਼ਾਸਨ ਦੀ ਮਾਨਸਿਕਤਾ ਮੇਰੀ ਸਮਝ ਤੋਂ ਪਰ੍ਹੇ ਹੈ। ਤੁਸੀਂ ਲੋਕ ਮੇਰੇ ਪਿੱਛੇ ਪਏ ਹੋ, ਉੱਥੇ ਜਾ ਕੇ ਦਬਾਅ ਬਣਾਉ।

 

ਇੱਥੇ ਦੱਸ ਦੇਈਏ ਕਿ ਪ੍ਰਿਅੰਕਾ ਗਾਂਧੀ ਸੋਨਭੱਦਰ ਘਟਨਾ ਦੇ ਜ਼ਖਮੀਆਂ ਅਤੇ ਮ੍ਰਿਤਕ ਪਰਿਵਾਰਾਂ ਨੂੰ ਮਿਲਣ ਸੋਨਭੱਦਰ ਜਾਣ ਦੌਰਾਨ ਮਿਰਜ਼ਾਪੁਰ ਜ਼ਿਲੇ 'ਚ ਰੋਕ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪ੍ਰਿਅੰਕਾ ਨੇ ਬੀਤੀ ਰਾਤ ਪੁਲਸ ਹਿਰਾਸਤ 'ਚ ਕੱਟੀ। ਦੇਰ ਰਾਤ ਤਕ ਅਫਸਰਾਂ ਦਾ ਮਿਰਜ਼ਾਪੁਰ ਗੈਸਟ ਹਾਊਸ 'ਚ ਆਉਣਾ-ਜਾਣਾ ਲੱਗਾ ਰਿਹਾ। ਪ੍ਰਿਅੰਕਾ ਗਾਂਧੀ ਨੇ ਸਾਫ ਕਰ ਦਿੱਤਾ ਸੀ ਕਿ ਉਹ ਕਤਲਕਾਡ ਪੀੜਤਾਂ ਨੂੰ ਮਿਲੇ ਬਿਨਾਂ ਵਾਪਸ ਨਹੀਂ ਪਰਤੇਗੀ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਸੋਨਭੱਦਰ 'ਚ ਜ਼ਮੀਨ ਵਿਵਾਦ ਨੂੰ ਲੈ ਕੇ ਪਿੰਡ ਦੇ ਪ੍ਰਧਾਨ ਨੇ ਆਪਣੇ ਸਮਰਥਕਾਂ ਨਾਲ ਮਿਲ ਕੇ ਦੂਜੇ ਪੱਖ 'ਤੇ ਗੋਲੀਬਾਰੀ ਕਰ ਦਿੱਤੀ, ਜਿਸ 'ਚ 10 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖਮੀ ਹੋ ਗਏ।

 

Tanu

This news is Content Editor Tanu