ਪੁੱਤ ਨੇ ਠੁਕਰਾਇਆ, ਮੁਸਲਿਮ ਨੌਜਵਾਨਾਂ ਨੇ ਬਜ਼ੁਰਗ ਦਾ ਹਿੰਦੂ ਰੀਤੀ-ਰਿਵਾਜਾਂ ਨਾਲ ਕੀਤਾ ਸਸਕਾਰ

05/26/2020 5:03:57 PM

ਮੁੰਬਈ— ਦੇਸ਼ 'ਚ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਕੋਰੋਨਾ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਹਾਰਾਸ਼ਟਰ ਸੂਬਾ ਕੋਰੋਨਾ ਵਾਇਰਸ ਤੋਂ ਸਭ ਤੋਂ ਵਧੇਰੇ ਪ੍ਰਭਾਵਿਤ ਹੈ। ਅਜਿਹੇ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਕੋਲ ਜਾਣ ਦੀ ਸਰਕਾਰੀ ਆਗਿਆ ਨਹੀਂ ਹੈ। ਜੇਕਰ ਕਿਸੇ ਦੀ ਕੋਰੋਨਾ ਨਾਲ ਮੌਤ ਹੁੰਦੀ ਹੈ ਤਾਂ ਉਸ ਦਾ ਕਾਨੂੰਨ ਦੇ ਤਹਿਤ ਅੰਤਿਮ ਸੰਸਕਾਰ ਹੁੰਦਾ ਹੈ। ਮਹਾਰਾਸ਼ਟਰ ਦੇ ਸ਼ਹਿਰ ਅਕੋਲਾ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 400 ਤੋਂ ਪਾਰ ਪਹੁੰਚ ਚੁੱਕਾ ਹੈ ਅਤੇ 25 ਮੌਤਾਂ ਹੋ ਚੁੱਕੀਆਂ ਹਨ। ਅਜਿਹੇ ਵਿਚ ਅਕੋਲਾ ਤੋਂ ਇਨਸਾਨੀਅਤ ਦਾ ਸੰਦੇਸ਼ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ 78 ਸਾਲਾ ਇਕ ਬਜ਼ੁਰਗ ਦੀ ਮੌਤ ਹੋ ਗਈ। ਬਜ਼ੁਰਗ ਦੇ ਪੁੱਤਰ ਨੇ ਆਪਣੇ ਪਿਤਾ ਦੀ ਲਾਸ਼ ਲੈਣ ਅਤੇ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਸਥਾਨਕ ਸੰਗਠਨ ਦੇ ਕੁਝ ਮੁਸਲਿਮ ਨੌਜਵਾਨਾਂ ਨੇ ਹਿੰਦੂ ਰੀਤੀ ਰਿਵਾਜਾਂ ਨਾਲ ਹਿੰਦੂ ਬਜ਼ੁਰਗ ਦਾ ਅੰਤਿਮ ਸੰਸਕਾਰ ਕੀਤਾ। 

ਦਰਅਸਲ ਬਜ਼ੁਰਗ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਅਤੇ ਉਨ੍ਹਾਂ ਦੀ ਪਤਨੀ ਦਾ ਅਕੋਲਾ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਕੋਵਿਡ-19 ਦਾ ਇਲਾਜ ਚੱਲ ਰਿਹਾ ਹੈ। ਮ੍ਰਿਤਕ ਦੀ ਪਤਨੀ ਨੂੰ 23 ਮਈ ਕੋਰੋਨਾ ਦੇ ਲੱਛਣ ਮਿਲਣ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ ਸੀ। 24 ਮਈ ਨੂੰ ਉਹ ਕੋਰੋਨਾ ਪਾਜ਼ੇਟਿਵ ਪਾਈ ਗਈ। ਉਸੇ ਸ਼ਾਮ ਹਸਪਤਾਲ ਨੂੰ ਸੂਚਨਾ ਮਿਲੀ ਕਿ ਜਨਾਨੀ ਦਾ ਪਤੀ ਬੇਹੋਸ਼ ਹੋ ਕੇ ਡਿੱਗ ਪਿਆ, ਜਿਸ ਤੋਂ ਬਾਅਦ ਐਂਬੂਲੈਂਸ ਭੇਜੀ ਗਈ ਪਰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ।

ਅਕੋਲਾ ਨਗਰ ਨਿਗਮ ਦੇ ਸੈਨੀਟੇਸ਼ਨ ਵਿਭਾਗ ਦੇ ਹੈੱਡ ਪ੍ਰਸ਼ਾਂਤ ਰਾਜੁਰਕਰ ਨੇ ਦੱਸਿਆ ਕਿ ਬਜ਼ੁਰਗ ਦਾ ਪੁੱਤਰ ਨਾਗਪੁਰ 'ਚ ਰਹਿੰਦਾ ਹੈ, ਉਸ ਨੇ ਆਪਣੇ ਪਿਤਾ ਦੀ ਲਾਸ਼ ਲੈਣ ਅਤੇ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਸਥਾਨਕ ਮੁਸਲਿਮ ਸੰਗਠਨ ਅਕੋਲਾ ਕੁਤਛੀ ਮੇਮਨ ਜਮਾਤ ਟਰੱਸਟ ਦੇ ਜਾਵੇਦ ਜ਼ਕੇਰੀਆ ਅਤੇ ਉਨ੍ਹਾਂ ਦੇ ਤਮਾਮ ਵਰਕਰਾਂ ਨੇ ਅੰਤਿਮ ਸੰਸਕਾਰ ਦਾ ਬੀੜਾ ਚੁੱਕਿਆ। ਇਨ੍ਹਾਂ ਮੁਸਲਿਮ ਨੌਜਵਾਨਾਂ ਨੇ ਅਕੋਲਾ ਸਥਿਤ ਮੋਹਤਾ ਮਿੱਲ ਸ਼ਮਸ਼ਾਨਘਾਟ 'ਚ ਬਜ਼ੁਰਗ ਸ਼ਖਸ ਨੂੰ ਮੁੱਖ ਅਗਨੀ ਦਿੱਤੀ। ਉੱਥੇ ਹੀ ਅੰਤਿਮ ਸੰਸਕਾਰ ਲਈ ਨਗਰ ਨਿਗਮ ਨੇ ਕੋਰੋਨਾ ਵਾਇਰਸ ਤੋਂ ਸੁਰੱਖਿਆ ਲਈ ਨੌਜਵਾਨਾਂ ਨੂੰ ਪੀ. ਪੀ. ਈ. ਕਿੱਟ ਮੁਹੱਈਆ ਕਰਵਾ ਦਿੱਤੀ ਸੀ।

Tanu

This news is Content Editor Tanu