ਇਰਾਦੇ ਫ਼ੌਲਾਦੀ; ਜਿਸ ਦਾ ਜਲਵਾ ਕਾਇਮ, ਉਸ ਦਾ ਨਾਂ ‘ਮੁਲਾਇਮ’

10/10/2022 6:19:39 PM

ਲਖਨਊ- ਬੀਤੇ 4 ਦਹਾਕਿਆਂ ਤੋਂ ਉੱਤਰ ਪ੍ਰਦੇਸ਼ ਦੀ ਸਿਆਸਤ ਦਾ ਸਭ ਤੋਂ ਲੋਕਪ੍ਰਿਅ ਨਾਅਰਾ ਰਿਹਾ ਹੈ, ‘ਜਿਸ ਦਾ ਜਲਵਾ ਕਾਇਮ ਹੈ, ਉਸ ਦਾ ਨਾਂ ਮੁਲਾਇਮ ਹੈ।’ ਇਹ ਨਾਅਰਾ ਸੂਬੇ ਦੀ ਸਿਆਸਤ ਦਾ ਲਾਜ਼ਮੀ ਅੰਗ ਬਣੀ ਸਮਾਜਵਾਦੀ ਪਾਰਟੀ (ਸਪਾ) ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਲਈ ਨਾ ਸਿਰਫ਼ ਉਨ੍ਹਾਂ ਦੇ ਸਮਰਥਕ, ਸਗੋਂ ਕਿ ਵਿਰੋਧੀ ਧਿਰ ਦੇ ਆਗੂ ਵੀ ਲਾਉਂਦੇ ਦਿੱਸ ਜਾਂਦੇ ਸਨ। 

ਇਹ ਵੀ ਪੜ੍ਹੋ- PM ਮੋਦੀ ਨੇ ਮੁਲਾਇਮ ਸਿੰਘ ਯਾਦਵ ਦੇ ਦਿਹਾਂਤ ’ਤੇ ਪ੍ਰਗਟਾਇਆ ਦੁੱਖ, ਤਸਵੀਰਾਂ ਸਾਂਝੀਆਂ ਕਰ ਕੀਤਾ ਯਾਦ

ਦਿਲ ਤੋਂ ਮੁਲਾਇਮ ਪਰ ਫ਼ੌਲਾਦੀ ਇਰਾਦਿਆਂ ਵਾਲੇ ਮੁਲਾਇਮ ਸਿੰਘ ਨੂੰ ਦੇਸ਼ ਦੀ ਸਿਆਸਤ ’ਚ ‘ਧਰਤੀ ਪੁੱਤਰ’ ਅਤੇ ‘ਨੇਤਾਜੀ’ ਸਰਨੇਮ ਤੋਂ ਪਛਾਣ ਮਿਲੀ। ਹਰ ਦਿਲ ਅਜੀਜ਼ ਮੁਲਾਇਮ ਸਿੰਘ ਯਾਦਵ ਦਾ ਸੋਮਵਾਰ ਯਾਨੀ ਕਿ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਹੋਣ ’ਤੇ ਦੇਸ਼ ਦੀ ਸਿਆਸਤ ਦੇ ਇਕ ਅਧਿਆਇ ਦਾ ਅੰਤ ਹੋ ਗਿਆ। ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੇ ਨੇਤਾਵਾਂ ਦੀ ਉਸ ਪੀੜ੍ਹੀ ਦੇ ਹੀਰੋ ਸਨ, ਜਿਸ ਨੂੰ ਖੱਬੇਪੱਖੀ ਤੋਂ ਲੈ ਕੇ ਦੱਖਣਪੰਥੀ ਵਿਚਾਰਧਾਰਾ ਤੱਕ ਹਰ ਕੋਈ ਨਿੱਜੀ ਤੌਰ ’ਤੇ ਪਸੰਦ ਕਰਦਾ ਸੀ। ਸ਼ਾਇਦ ਇਸ ਲਈ ਉਹ ਪਾਰਟੀ ਸਿਆਸਤ ਦੀਆਂ ਸੀਮਾਵਾਂ ਨੂੰ ਬਾਖ਼ੂਬੀ ਲੰਘ ਗਏ ਸਨ। 

ਇਹ ਉਨ੍ਹਾਂ ਦੀ ਸ਼ਖ਼ਸੀਅਤ ਦੀ ਹੀ ਖੂਬੀ ਸੀ ਕਿ ਉਹ ਆਪਣੇ ਧੁਰ ਵਿਰੋਧੀਆਂ ਨਾਲ ਆਪਣੇ ਖੇਮੇ ਦੀਆਂ ਕਮੀਆਂ ਨੂੰ ਵੀ ਜਨਤਕ ਤੌਰ ’ਤੇ ਸਵੀਕਾਰ ਕਰਦੇ ਸਨ। ਇਸ ਦਾ ਤਾਜ਼ਾਤਰੀਨ ਨਤੀਜਾ ਸੀ 2019 ਦੀਆਂ ਲੋਕ ਸਭਾ ਚੋਣਾਂ ਜਦੋਂ ਉਨ੍ਹਾਂ ਨੇ ਸੰਸਦ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਵਾਰ ਫਿਰ ਜਿੱਤ ਦੀ ਵਧਾਈ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਹ ਉਹ ਹੀ ਮੁਲਾਇਮ ਸਿੰਘ ਸਨ ਜੋ ਚੋਣਾਂ ਤੋਂ ਠੀਕ ਪਹਿਲਾਂ ਆਰ. ਐਸ. ਐਸ ਮੁਖੀ ਮੋਹਨ ਭਾਗਵਤ ਨਾਲ ਜਨਤਕ ਤੌਰ 'ਤੇ ਗੱਲਬਾਤ ਕਰਨ ਤੋਂ ਨਹੀਂ ਝਿਜਕਦੇ ਸਨ।

ਇਹ ਵੀ ਪੜ੍ਹੋ- ਉਜੈਨ ਦਾ ‘ਮਹਾਕਾਲ ਲੋਕ’ ਬਣ ਕੇ ਤਿਆਰ, ਖੂਬਸੂਰਤ ਤਸਵੀਰਾਂ ਮੋਹ ਲੈਣਗੀਆਂ ਦਿਲ

ਕੁਸ਼ਤੀ ਅਤੇ ਸਿਆਸਤ ਦੋਹਾਂ ’ਚ ਮੁਹਾਰਤ ਹਾਸਲ ਕਰਨ ਵਾਲੇ ਮੁਲਾਇਮ ਸਿੰਘ ਯਾਦਵ ਦਾ ਜਨਮ 22 ਨਵੰਬਰ 1939 ਨੂੰ ਇਟਾਵਾ ਜ਼ਿਲ੍ਹੇ ਦੇ ਸੈਫ਼ਈ ਪਿੰਡ ਵਿਚ ਹੋਇਆ ਸੀ। ਉਨ੍ਹਾਂ ਦੀ ਮਾਂ ਮੂਰਤੀ ਦੇਵੀ ਅਤੇ ਪਿਤਾ ਸੁਘਰ ਸਿੰਘ ਚਾਹੁੰਦੇ ਸਨ ਕਿ ਮੁਲਾਇਮ ਪਹਿਲਵਾਨ ਬਣੇ। ਮੁਲਾਇਮ ਸਿੰਘ ਖੁਦ ਵੀ ਕੁਸ਼ਤੀ ਦੇ ਸ਼ੌਕੀਨ ਸਨ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਆਗਰਾ ਯੂਨੀਵਰਸਿਟੀ ਦੇ ਬੀ.ਆਰ. ਕਾਲਜ ਤੋਂ ਰਾਜਨੀਤੀ ਸ਼ਾਸਤਰ ਵਿਚ ਮਾਸਟਰਜ਼ ਕਰਨ ਤੋਂ ਬਾਅਦ ਮੁਲਾਇਮ ਨੇ ਕਰਹਾਲ ਇੰਟਰ ਕਾਲਜ, ਮੈਨਪੁਰੀ ਵਿਚ ਆਪਣਾ ਕਰੀਅਰ ਅਧਿਆਪਨ ਸ਼ੁਰੂ ਕੀਤਾ। ਉਨ੍ਹਾਂ ਨੇ ਅਖਾੜੇ ਨਾਲੋਂ ਨਾਤਾ ਨਹੀਂ ਤੋੜਿਆ ਅਤੇ ਕੁਸ਼ਤੀ ਜਾਰੀ ਰੱਖੀ।


ਮੁਲਾਇਮ ਸਿੰਘ 1954 ਵਿਚ ਦੇਸ਼ ਵਿਚ ਸਮਾਜਵਾਦ ਦੇ ਆਗੂ ਡਾ. ਰਾਮ ਮਨੋਹਰ ਲੋਹੀਆ ਦੇ ਸੱਦੇ 'ਤੇ ਚਲਾਈ ਗਈ ਲਹਿਰ ਦਾ ਹਿੱਸਾ ਬਣ ਗਏ ਅਤੇ ਸਿਰਫ਼ 15 ਸਾਲ ਦੀ ਉਮਰ ਵਿਚ ਜੇਲ੍ਹ ਵੀ ਗਏ। ਸਮਾਜ ਦੇ ਅਣਗੌਲੇ, ਸ਼ੋਸ਼ਿਤ, ਵਾਂਝੇ ਅਤੇ ਪਛੜੇ ਵਰਗਾਂ ਨਾਲ ਬਰਾਬਰੀ ਨਾ ਕੀਤੇ ਜਾਣ ਵਿਰੁੱਧ ਇਕ ਦਹਾਕੇ ਦੇ ਸੰਘਰਸ਼ ਨੂੰ ਅੱਗੇ ਵਧਾਉਣ ਲਈ ਮੁਲਾਇਮ ਸਿੰਘ ਨੇ 1967 ਵਿਚ ਸੋਸ਼ਲਿਸਟ ਪਾਰਟੀ ਦੀ ਟਿਕਟ 'ਤੇ ਜਸਵੰਤ ਨਗਰ ਸੀਟ ਤੋਂ ਪਹਿਲੀ ਚੋਣ ਲੜੀ ਸੀ। ਇਸ ਦੇ ਨਾਲ ਹੀ ਸਿਆਸੀ ਖੇਤਰ ਵਿਚ ਆਪਣੀ ਸ਼ੁਰੂਆਤ ਕਰਨ ਤੋਂ ਬਾਅਦ ਮੁਲਾਇਮ ਸਿੰਘ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

Tanu

This news is Content Editor Tanu