ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ''ਚ ਬਰਫਬਾਰੀ

02/12/2018 4:27:59 PM

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਪਹਾੜੀਆਂ 'ਚ ਸੋਮਵਾਰ ਤੋਂ ਹੀ ਰੁਕ-ਰੁਕ ਕੇ ਬਰਫਬਾਰੀ ਹੋ ਰਹੀ ਹੈ, ਉੱਥੇ ਹੀ ਰਾਜ ਦੇ ਹੇਠਲੇ ਇਲਾਕਿਆਂ 'ਚ ਭਾਰੀ ਬਾਰਸ਼ ਹੋਈ ਹੈ। ਸ਼ਿਮਲਾ ਦੇ ਉੱਚੇ ਇਲਾਕਿਆਂ 'ਚ ਬਰਫਬਾਰੀ ਕਾਰਨ ਸੜਕਾਂ ਜਾਮ ਹੋਣ ਨਾਲ ਜਨਜੀਵਨ ਪ੍ਰਭਾਵਿਤ ਹੋਇਆ, ਜਦੋਂ ਕਿ ਨਾਰਕੰਡਾ 'ਚ ਹਿੰਦੁਸਤਾਨ-ਤਿੱਬਤ ਸੜਕ ਦੇ ਜਾਮ ਹੋਣ ਨਾਲ ਆਵਾਜਾਈ ਨੂੰ ਵਸੰਤਪੁਰ ਅਤੇ ਕਿੰਗਲ ਵੱਲ ਮੋੜ ਦਿੱਤਾ ਗਿਆ। ਸ਼ਿਮਲਾ ਜ਼ਿਲੇ ਦੇ ਕਮਿਸ਼ਨਰ ਅਮਿਤ ਕਸ਼ਯਪ ਨੇ ਦੱਸਿਆ ਕਿ ਢਲੀ ਤੋਂ ਅੱਗੇ ਚੌਕਸੀ ਤੌਰ 'ਤੇ ਪਹਿਲਾਂ ਹੀ ਆਵਾਜਾਈ ਬੰਦ ਕਰ ਦਿੱਤੀ ਗਈ ਸੀ ਪਰ ਹੁਣ ਸ਼ਿਮਲਾ ਦੇ ਉੱਪਰੀ ਇਲਾਕਿਆਂ 'ਚ ਸੜਕਾਂ ਖੁੱਲ੍ਹੀਆਂ ਹਨ ਅਤੇ ਰਾਮਪੁਰ ਜਾਣ ਵਾਲੀ ਐੱਚ.ਆਰ.ਟੀ.ਸੀ. ਦੀਆਂ ਬੱਸਾਂ ਨੂੰ ਵਸੰਤਪੁਰ ਦੇ ਰਸਤੇ ਮੋੜ ਦਿੱਤਾ ਗਿਆ। ਉਨ੍ਹਾਂ ਨੇ ਕਿਹਾ,''ਸ਼ਿਮਲਾ ਸ਼ਹਿਰ 'ਚ ਕਿਤੇ ਵੀ ਆਵਾਜਾਈ ਰੁਕੀ ਨਹੀਂ ਹੈ ਅਤੇ ਹਸਪਤਾਲ ਵੱਲ ਜਾਣ ਵਾਲੇ ਸਾਰੇ ਮਾਰਗ ਖੁੱਲ੍ਹੇ ਹਨ।''
ਮੌਸਮ ਵਿਗਿਆਨ ਵਿਭਾਗ ਦੇ ਸਥਾਨਕ ਅਧਿਕਾਰੀ ਨੇ ਉੱਚੇ ਅਤੇ ਮੱਧ ਪਹਾੜੀ ਇਲਾਕਿਆਂ 'ਚ ਬਰਫਬਾਰੀ ਹੋਣ ਅਤੇ ਅਗਲੇ 2 ਦਿਨਾਂ ਤੱਕ ਬਾਰਸ਼ ਅਤੇ ਬਰਫਬਾਰੀ ਹੋਣ ਦਾ ਅਨੁਮਾਨ ਲਗਾਇਆ ਹੈ। ਇਸ ਵਿਚ ਕੋਠੀ 'ਚ 15 ਸੈਂਟੀਮੀਟਰ, ਕੇਲੋਂਗ 'ਚ 11 ਸੈਂਟੀਮੀਟਰ, ਬ੍ਰਹਿਮਪੁਰ 'ਚ 10 ਸੈਂਟੀਮੀਟਰ, ਨਾਰਕਾਂਡਾ 'ਚ 8 ਸੈਂਟੀਮੀਟਰ, ਠਿਯੋਗ 'ਚ ਤਿੰਨ ਸੈਂਟੀਮੀਟਰ, ਕੁਫਰੀ 'ਚ 2 ਸੈਂਟੀਮੀਟਰ, ਕਾਲਪਾ 'ਚ 1.6 ਸੈਂਟੀਮੀਟਰ, ਜੁਬਾਲ 'ਚ 1.3 ਸੈਂਟੀਮੀਟਰ ਅਤੇ ਮਸ਼ੋਹਬਰਾ 'ਚ 0.5 ਸੈਂਟੀਮੀਟਰ ਬਰਫਬਾਰੀ ਦਰਜ ਕੀਤੀ ਗਈ। ਰਾਜ 'ਚ ਕੇਲੋਂਗ ਸਭ ਤੋਂ ਠੰਡਾ ਖੇਤਰ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 4.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਬਾਅਦ ਘੱਟੋ-ਘੱਟ ਤਾਪਮਾਨ ਕੁਫਰੀ 'ਚ ਜ਼ੀਰੋ ਤੋਂ 1.8 ਡਿਗਰੀ ਸੈਲਸੀਅਸ ਹੇਠਾਂ ਅਤੇ ਕਾਲਪਾ 'ਚ ਜ਼ੀਰੋ ਤੋਂ ਇਕ ਡਿਗਰੀ ਸੈਲਸੀਅਸ ਹੇਠਾਂ ਰਿਹਾ। ਮੁੱਖ ਸੈਰ-ਸਪਾਟਾ ਰਿਜਾਰਟ ਸ਼ਿਮਲਾ ਅਤੇ ਮਨਾਲੀ 'ਚ ਘੱਟੋ-ਘੱਟ ਤਾਪਮਾਨ 0.2 ਡਿਗਰੀ ਸੈਲਸੀਅਸ ਅਤੇ 1.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।