ਪਹਾੜਾਂ ''ਚ ਬਰਫਬਾਰੀ, ਮੈਦਾਨਾਂ ''ਚ ਮੀਂਹ ਦਾ ਕਹਿਰ

09/30/2019 1:15:16 AM

ਗੋਪੇਸ਼ਵਰ/ਸ਼ਿਮਲਾ/ਮਨਾਲੀ, (ਹੈਡਲੀ, ਸੋਨੂੰ)— ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ 'ਚ ਮਾਨਸੂਨ ਦੀ ਸਰਗਰਮੀ ਕਾਰਨ ਪਿਛਲੇ ਦੋ ਦਿਨਾਂ 'ਚ ਮੀਂਹ ਦਾ ਦੌਰ ਚੱਲ ਰਿਹਾ ਹੈ। ਪ੍ਰਦੇਸ਼ ਦੇ ਕੁਝ ਖੇਤਰਾਂ 'ਚ ਔਸਤ ਤੇ ਕਿਤੇ-ਕਿਤੇ ਵਿਆਪਕ ਵਰਖਾ ਹੋਈ ਹੈ। ਰਾਜ ਦੀਆਂ ਅੱਧਾ ਦਰਜਨ ਸੜਕਾਂ 'ਚ ਢਿੱਗਾਂ ਡਿਗਣ ਕਾਰਨ ਰੁਕਾਵਟਾਂ ਪੈ ਗਈਆਂ ਹਨ। ਉਥੇ ਬਦਰੀਨਾਥ ਧਾਮ ਤੇ ਹੇਮਕੁੰਟ ਸਾਹਿਬ ਸਣੇ ਉਚੀਆਂ ਪਹਾੜੀਆਂ 'ਤੇ ਮੌਸਮ 'ਚ ਲਗਾਤਾਰ ਦੂਜੇ ਦਿਨ ਹਲਕੀ ਬਰਫਬਾਰੀ ਹੋਈ।
ਬਦਰੀਨਾਥ ਜਰਨੈਲੀ ਸੜਕ ਨੂੰ ਐਤਵਾਰ ਸਵੇਰੇ ਮੁਸਾਫਰਾਂ ਲਈ ਖੋਲ੍ਹਿਆ ਗਿਆ। ਫਿਰ 2 ਵਜੇ ਅਚਾਨਕ ਮਲਬੇ ਤੇ ਵੱਡੇ ਪੱਥਰਾਂ ਦੇ ਡਿਗਣ ਨਾਲ ਰਸਤੇ ਬੰਦ ਹੋ ਗਏ। ਓਧਰ ਮਨਾਲੀ ਸਮੇਤ ਲਾਹੌਲ ਸਪਿਤੀ ਦੀਆਂ ਚੋਟੀਆਂ 'ਤੇ ਬਰਫਬਾਰੀ ਦਾ ਸਿਲਸਿਲਾ ਤੀਜੇ ਦਿਨ ਵੀ ਜਾਰੀ ਰਿਹਾ। ਪਹਾੜਾਂ 'ਤੇ ਬਰਫ ਦੇ ਤੋਦੇ ਡਿਗਣ ਤੇ ਘਾਟੀ ਵਿਚ ਮੀਂਹ ਪੈਣ ਨਾਲ ਤਾਪਮਾਨ 'ਚ ਗਿਰਾਵਟ ਆ ਗਈ ਹੈ। ਰੋਹਤਾਂਗ ਦੇ ਉਸ ਪਾਰ ਬਾਰਾਲਾਚਾ, ਸ਼ਿੰਕੁਲਾ ਜੋਤ, ਕੁਨਜੁਮ ਜੋਤ, ਛੋਟਾ ਤੇ ਵੱਡਾ ਸ਼ਿਘਰੀ ਗਲੇਸ਼ੀਅਰ, ਲੇਡੀ ਆਫ ਕੇਲਾਂਗ ਤੇ ਨੀਲਕੰਠ ਦੀਆਂ ਪਹਾੜੀਆਂ ਸਣੇ ਰੋਹਤਾਂਗ ਦੇ ਉਸ ਪਾਰ ਧੁੰਧੀ ਜੋਤ, ਮਕਰ ਵੇਦ, ਸ਼ਿਕਰ ਵੇਦ, ਹਨੂਮਾਨ ਟਿੱਬਾ, ਇੰਦਰ ਕਿਲਾ, ਚੰਦਰਖਣੀ, ਭ੍ਰਿਗੂ ਤੇ ਦਸ਼ੌਹਰ ਦੀਆਂ ਪਹਾੜੀਆਂ ਸਣੇ ਸਾਰੀਆਂ ਉਚੀਆਂ ਚੋਟੀਆਂ 'ਤੇ ਪਿਛਲੇ 3 ਦਿਨਾਂ ਤੋਂ ਰੁਕ-ਰੁਕ ਕੇ ਬਰਫ ਦੇ ਤੋਦੇ ਡਿੱਗ ਰਹੇ ਹਨ।


KamalJeet Singh

Content Editor

Related News